Headlines

ਸੀ.ਐਮ. ਦੀ ਯੋਗਸ਼ਾਲਾ ਨਾਲ ਪਿੰਡਾਂ ਵਿੱਚ ਸਿਹਤਮੰਦ ਜੀਵਨਸ਼ੈਲੀ ਵੱਲ ਵਧਦਾ ਰੁਝਾਨ

* ਮੁਫ਼ਤ ਯੋਗਾ ਕਲਾਸਾਂ ਰਾਹੀਂ ਲੋਕਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਵਿੱਚ ਆ ਰਿਹਾ ਸੁਧਾਰ

ਮਾਲੇਰਕੋਟਲਾ, 20 ਅਪ੍ਰੈਲ Bol Punjab De,Buero

ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਮਜ਼ਬੂਤ ਬਣਾਉਣ ਲਈ ਚਲਾਈ ਜਾ ਰਹੀ ਸੀ.ਐਮ. ਦੀ ਯੋਗਸ਼ਾਲਾ ਯੋਜਨਾ ਜ਼ਿਲ੍ਹੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਮੁਹਿੰਮ ਰਾਹੀਂ ਲੋਕਾਂ ਵਿੱਚ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਰੁਝਾਨ ਵਧ ਰਿਹਾ ਹੈ ਅਤੇ ਉਹ ਨਿਯਮਿਤ ਯੋਗ ਅਭਿਆਸ ਨਾਲ ਆਪਣੇ ਸਰੀਰਕ ਤੇ ਮਾਨਸਿਕ ਸਿਹਤ ਵਿੱਚ ਸਕਾਰਾਤਮਕ ਬਦਲਾਅ ਮਹਿਸੂਸ ਕਰ ਰਹੇ ਹਨ।

 ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਦੇ ਦਿਸ਼ਾ- ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਯੋਗ ਗਤੀਵਿਧੀਆਂ ਨੂੰ ਵਿਸ਼ੇਸ਼ ਤੌਰ ’ਤੇ ਪਿੰਡਾਂ ਤੱਕ ਵਿਸਥਾਰ ਦਿੱਤਾ ਗਿਆ ਹੈ, ਜਿਸ ਨਾਲ ਵੱਡੀ ਗਿਣਤੀ ਵਿੱਚ ਲੋਕ ਲਾਭ ਪ੍ਰਾਪਤ ਕਰ ਰਹੇ ਹਨ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਮਲਕੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 65 ਯੋਗ ਟ੍ਰੇਨਰ ਕੰਮ ਕਰ ਰਹੇ ਹਨ। ਜੋ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਨਿਯਮਿਤ ਤੌਰ ’ਤੇ ਸਵੇਰੇ ਅਤੇ ਸ਼ਾਮ ਮੁਫ਼ਤ ਯੋਗ ਕਲਾਸਾਂ ਲਗਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲਾਸਾਂ ਰਾਹੀਂ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਧੀ ਹੈ ਅਤੇ ਬੱਚੇ, ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗ ਹਰ ਵਰਗ ਦੇ ਲੋਕ ਇਸ ਨਾਲ ਜੁੜ ਕੇ ਲਾਭ ਪ੍ਰਾਪਤ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਯੋਗ ਟਰੇਨਰਾਂ ਵੱਲੋਂ ਯੋਗ ਅਭਿਆਸ ਦੇ ਨਾਲ-ਨਾਲ ਸੰਤੁਲਿਤ ਖੁਰਾਕ, ਰੋਜ਼ਾਨਾ ਜੀਵਨ ਵਿੱਚ ਅਨੁਸ਼ਾਸਨ ਅਤੇ ਤੰਦਰੁਸਤ ਰਹਿਣ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਨਾਲ ਲੋਕਾਂ ਦੀ ਜੀਵਨ ਗੁਣਵੱਤਾ ਵਿੱਚ ਸੁਧਾਰ ਆ ਰਿਹਾ ਹੈ।

ਜ਼ਿਲ੍ਹਾ ਕੋਆਰਡੀਨੇਟਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਪਿੰਡ ਜਾਂ ਇਲਾਕੇ ਵਿੱਚ ਲੱਗ ਰਹੀਆਂ ਮੁਫ਼ਤ ਯੋਗ ਕਲਾਸਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਇਸ ਸਿਹਤਮੰਦ ਮੁਹਿੰਮ ਨਾਲ ਜੁੜ ਕੇ ਨਿਰੋਗੀ ਜੀਵਨ ਵੱਲ ਕਦਮ ਵਧਾਉਣ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਜਾਂ ਮੁਹੱਲੇ ਵਿੱਚ ਯੋਗ ਕਲਾਸ ਸ਼ੁਰੂ ਕਰਵਾਉਣ ਦੀ ਇੱਛਾ ਹੋਵੇ ਤਾਂ ਸੰਬੰਧਿਤ ਵਿਭਾਗ ਦੇ ਅਧਿਕਾਰੀ ਦੇ ਮੋਬਾਇਲ ਨੰਬਰ 62390- 47157 ਜਾਂ ਟੋਲ ਫਰੀ ਨੰਬਰ 8591925814 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *