* ਮਹਿਲਾਵਾਂ ਤੇ ਬੱਚਿਆਂ ਦੀ ਸਿਹਤ ਸੁਧਾਰ ਲਈ ਕੀਤਾ ਜਾਗਰੂਕ
ਮਾਲੇਰਕੋਟਲਾ, 20 ਅਪ੍ਰੈਲ Bol Punjab De, Buero
ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ 9 ਅਪ੍ਰੈਲ ਤੋਂ 23 ਅਪ੍ਰੈਲ ਤੱਕ ਮਨਾਏ ਜਾ ਰਹੇ ਪੋਸ਼ਣ ਪਖਵਾੜਾ ਜਾਗਰੂਕਤਾ ਮੁਹਿੰਮ ਦੇ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਦੇ ਦਿਸ਼ਾ- ਨਿਰਦੇਸ਼ਾਂ ਅਧੀਨ ਜ਼ਿਲ੍ਹੇ ਵਿੱਚ ਵੱਖ- ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।
ਜ਼ਿਲ੍ਹੇ ਦੇ 545 ਆਂਗਣਵਾੜੀ ਸੈਂਟਰਾਂ ਵਿੱਚ ਇਸ ਮੁਹਿੰਮ ਨੂੰ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਮਾਪਿਆਂ ਨੂੰ ਬੱਚਿਆਂ ਦੇ ਸਹੀ ਪੋਸ਼ਣ ਬਾਰੇ ਜਾਣਕਾਰੀ ਦੇਣਾ ਅਤੇ ਮਹਿਲਾਵਾਂ ਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਸੀ। ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਘਰ-ਘਰ ਜਾ ਕੇ ਮਾਤਾਵਾਂ ਨੂੰ ਸੰਤੁਲਿਤ ਆਹਾਰ, ਸਫਾਈ ਅਤੇ ਸਿਹਤ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ। ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੋਸ਼ਣ ਯੁਕਤ ਖੁਰਾਕ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੁਹਿੰਮ ਦੌਰਾਨ ਪੋਸ਼ਣ ਰੈਲੀਆਂ, ਕੁਈਜ਼ ਮੁਕਾਬਲੇ, ਪੋਸਟਰ ਤਿਆਰ ਕਰਨ ਅਤੇ ਸਮੂਹ ਚਰਚਾਵਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਰੋਜਾਨਾ ਦੀਆਂ ਆਦਤਾਂ ਜਿਵੇਂ ਕਿ ਹੱਥ ਧੋਣਾਂ, ਸਮੁੱਚੇ ਘਰ ਅਤੇ ਆਲੇ- ਦੁਆਲੀ ਦੀ ਸਾਫ਼-ਸਫਾਈ ਅਤੇ ਐਨੀਮੀਆ ਤੋਂ ਬਚਾਅ ਵਰਗੇ ਮਹੱਤਵਪੂਰਨ ਵਿਸ਼ਿਆਂ ‘ਤੇ ਜਾਗਰੂਕ ਕੀਤਾ ਗਿਆ। ਆਂਗਣਵਾੜੀ ਸੈਂਟਰਾਂ ਵਿੱਚ ਪੋਸ਼ਣ ਥਾਲੀ ਦੇ ਮਾਡਲ ਪੇਸ਼ ਕਰ ਕੇ ਲੋਕਾਂ ਨੂੰ ਸੰਤੁਲਿਤ ਖੁਰਾਕ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ 0-6 ਸਾਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਉਪਰਾਲੇ ਨਾਲ ਸਮਾਜ ਵਿੱਚ ਪੋਸ਼ਣ ਪ੍ਰਤੀ ਜਾਗਰੂਕਤਾ ਵਿੱਚ ਵਾਧਾ ਹੋਣ ਦੇ ਨਾਲ- ਨਾਲ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਣਾ ਮਿਲੇਗੀ।
ਇਸ ਮੁਹਿੰਮ ਵਿੱਚ ਆਂਗਣਵਾੜੀ ਸੁਪਰਵਾਈਜ਼ਰ ਪਰਦੀਪ ਕੌਰ, ਅਮਨਦੀਪ ਕੌਰ ਅਤੇ ਤਬੱਸੁਮ ਸਮੇਤ ਆਂਗਣਵਾੜੀ ਵਰਕਰ ਹਰਜਿੰਦਰ ਕੌਰ, ਕਰਮਜੀਤ ਕੌਰ, ਜਸਪ੍ਰੀਤ ਕੌਰ, ਜਸਵਿੰਦਰ ਕੌਰ, ਗੁਰਦੀਪ ਕੌਰ, ਬਲਜਿੰਦਰ ਕੌਰ, ਬਲਜੀਤ ਕੌਰ, ਗੁਰਮੀਤ ਕੌਰ, ਸੁਰਿੰਦਰ ਕੌਰ, ਬਲਵੀਰ ਕੌਰ, ਨੀਸ਼ਾ ਗੁਪਤਾ, ਮਹਿਨਾਜ, ਅਕਬਰੀ ਬਾਨੋ, ਨਜ਼ਰਾਨਾ, ਤਹਿਰਾ ਪ੍ਰਵੀਨ, ਲਖਵੀਰ ਕੌਰ, ਜਸਵੀਰ ਕੌਰ ਅਤੇ ਵੀਰਪਾਲ ਕੌਰ ਆਦਿ ਵੱਲੋਂ ਸਰਗਰਮ ਭਾਗੀਦਾਰੀ ਨਿਭਾਈ ਗਈ ।