** ਕਿਹਾ ਅਧਿਆਪਕਾਂ ਦੇ ਹੱਕਾਂ ਲਈ ਜਾਰੀ ਰਹੇਗਾ ਸੰਘਰਸ਼
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਅਧਿਆਪਕਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਅਧਿਆਪਕ ਦਲ ਪੰਜਾਬ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸੁਨਾਮ ਦੇ ਨੌਜਵਾਨ ਅਧਿਆਪਕ ਆਗੂ ਗੁਰਸਿਮਰਤ ਸਿੰਘ ਜਖੇਪਲ ਨੂੰ ਜਥੇਬੰਦੀ ਦਾ ਸੂਬਾਈ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਦਕਿ ਸਤਨਾਮ ਸਿੰਘ ਰੰਧਾਵਾ ਸੂਬਾ ਪ੍ਰਧਾਨ ਅਤੇ ਰਵਿੰਦਰਜੀਤ ਸਿੰਘ ਪੰਨੂੰ ਸੂਬਾ ਸਕੱਤਰ ਜਨਰਲ ,ਹਰਦੇਵ ਸਿੰਘ ਜਵੰਧਾ ਸਰਪ੍ਰਸਤ ,ਬਾਜ ਸਿੰਘ ਖਹਿਰਾ ਅਤੇ ਜਸਵਿੰਦਰ ਸਿੰਘ ਔਲਖ ਨੂੰ ਸੂਬਾਈ ਕਨਵੀਨਰ ਬਣਾਇਆ ਗਿਆ ਹੈ। ਭੁਪਿੰਦਰ ਸਿੰਘ ਨਾਗਰਾ ਕਨਵੀਨਰ ਚੰਡੀਗੜ੍ਹ ਇਕਾਈ ਚੁਣੇ ਗਏ। ਅਧਿਆਪਕ ਆਗੂ ਗੁਰਸਿਮਰਤ ਸਿੰਘ ਜਖੇਪਲ ਨੇ ਆਖਿਆ ਕਿ ਸੂਬੇ ਦੇ ਅਧਿਆਪਕਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਜਥੇਬੰਦੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਲੇਕਿਨ ਸੂਬੇ ਦੀ ਭਗਵੰਤ ਮਾਨ ਸਰਕਾਰ ਡੰਗ ਟਪਾਊ ਨੀਤੀਆਂ ਤਹਿਤ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੌਰਾਨ ਮੁਲਾਜ਼ਮ ਪੱਖੀ ਨੀਤੀਆਂ ਨੂੰ ਤਰਜੀਹ ਦਿੱਤੀ ਗਈ ਸੀ ਜਦਕਿ ਮੌਜੂਦਾ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਮੁਲਾਜ਼ਮਾਂ ਦਾ ਬਕਾਇਆ ਪਿਆ ਡੀਏ ਅਦਾਲਤ ਦੇ ਆਦੇਸ਼ਾਂ ਦੇ ਬਾਵਜੂਦ ਨਹੀਂ ਦਿੱਤਾ ਜਾ ਰਿਹਾ। ਮੁਲਾਜ਼ਮ ਆਗੂ ਨੇ ਕਿਹਾ ਕਿ ਸੂਬੇ ਦੀ ਸਰਕਾਰ ਨੂੰ ਮੁਲਾਜ਼ਮਾਂ ਨਾਲ ਕੀਤੀ ਜਾ ਰਹੀ ਅਣਦੇਖੀ ਦਾ ਖਮਿਆਜ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।