Headlines

ਜਨਗਣਨਾ ਡਿਊਟੀ ਬਣੀ ਅਧਿਆਪਕਾਂ ਲਈ ਵੱਡੀ ਚੁਣੌਤੀ

ਸਕੂਲ ਸਮੇਂ ਤੋਂ ਬਾਅਦ ਕੰਮ ਕਰਨਾ ਪੈ ਰਿਹਾ ਭਾਰੀ, ਮਹਿਲਾ ਅਧਿਆਪਕਾਂ ਨੂੰ ਖੇਤਾਂ ਵਿੱਚ ਜਾਣ ਦੌਰਾਨ ਆ ਰਹੀਆਂ ਮੁਸ਼ਕਲਾਂ

ਸ਼ੇਰਪੁਰ, 18ਮਈ (ਬਲਜੀਤ ਸਿੰਘ ਟਿੱਬਾ) Bol Punjab De, Buero,

15 ਮਈ ਤੋਂ ਸ਼ੁਰੂ ਹੋਈ ਜਨਗਣਨਾ ਮੁਹਿੰਮ 13 ਜੂਨ ਤੱਕ ਚੱਲਣੀ ਹੈ, ਜਿਸ ਲਈ ਸਿੱਖਿਆ ਵਿਭਾਗ ਦੇ ਅਨੇਕਾਂ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਸਰਕਾਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਅਧਿਆਪਕ ਸਕੂਲ ਸਮੇਂ ਤੋਂ ਬਾਅਦ ਜਨਗਣਨਾ ਦਾ ਕੰਮ ਪੂਰਾ ਕਰਨ। ਪਰ ਜ਼ਮੀਨੀ ਹਕੀਕਤ ਇਹ ਹੈ ਕਿ ਇਹ ਡਿਊਟੀ ਹੁਣ ਅਧਿਆਪਕਾਂ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਵੱਖ-ਵੱਖ ਇਲਾਕਿਆਂ ਵਿੱਚ ਤਾਇਨਾਤ ਅਧਿਆਪਕਾਂ ਨੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਦਿਆਂ ਪ੍ਰਸ਼ਾਸਨ ਤੋਂ ਤੁਰੰਤ ਹੱਲ ਦੀ ਮੰਗ ਕੀਤੀ ਹੈ।

ਅਧਿਆਪਕਾਂ ਦਾ ਕਹਿਣਾ ਹੈ ਕਿ ਦੁਪਹਿਰ ਸਮੇਂ ਜਦੋਂ ਉਹ ਘਰਾਂ ਵਿੱਚ ਜਨਗਣਨਾ ਲਈ ਜਾਂਦੇ ਹਨ ਤਾਂ ਬਹੁਤ ਸਾਰੇ ਲੋਕ ਦਰਵਾਜ਼ੇ ਨਹੀਂ ਖੋਲ੍ਹਦੇ। ਕਈ ਲੋਕ ਅਰਾਮ ਕਰ ਰਹੇ ਹੁੰਦੇ ਹਨ ਜਾਂ ਘਰਾਂ ਵਿੱਚੋਂ ਬਾਹਰ ਨਹੀਂ ਨਿਕਲਦੇ, ਜਿਸ ਕਾਰਨ ਇੱਕੋ ਘਰ ਵਿੱਚ ਕਈ ਵਾਰ ਜਾਣਾ ਪੈਂਦਾ ਹੈ। ਅਧਿਆਪਕਾਂ ਮੁਤਾਬਕ ਸੀਮਤ ਸਮੇਂ ਵਿੱਚ ਇਹ ਕੰਮ ਪੂਰਾ ਕਰਨਾ ਮੁਸ਼ਕਿਲ ਬਣਦਾ ਜਾ ਰਿਹਾ ਹੈ।

ਦੂਜੇ ਪਾਸੇ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਅੰਤਿਮ ਫੈਸਲੇ ਜ਼ਿਲ੍ਹਾ ਪ੍ਰਸ਼ਾਸਨਾਂ ‘ਤੇ ਛੱਡੇ ਗਏ ਹਨ। ਕਈ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਵੱਲੋਂ ਪੱਤਰ ਜਾਰੀ ਕਰਕੇ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਫਾਰਗ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਤਾਂ ਜੋ ਕੰਮ ਸਮੇਂ ਸਿਰ ਮੁਕੰਮਲ ਹੋ ਸਕੇ। ਪਰ ਅਜੇ ਵੀ ਕਈ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਨੂੰ ਸਕੂਲ ਡਿਊਟੀ ਅਤੇ ਜਨਗਣਨਾ ਦੋਵੇਂ ਕੰਮ ਇਕੱਠੇ ਨਿਭਾਉਣੇ ਪੈ ਰਹੇ ਹਨ।

ਮਹਿਲਾ ਅਧਿਆਪਕਾਂ ਲਈ ਇਹ ਡਿਊਟੀ ਹੋਰ ਵੀ ਜ਼ਿਆਦਾ ਮੁਸ਼ਕਲ ਸਾਬਤ ਹੋ ਰਹੀ ਹੈ। ਜਨਗਣਨਾ ਦੌਰਾਨ ਖੇਤਾਂ ਵਿੱਚ ਬਣੀਆਂ ਮੋਟਰਾਂ ਅਤੇ ਡੇਰਿਆਂ ਦੀ ਨੰਬਰਿੰਗ ਵੀ ਕਰਨੀ ਪੈਂਦੀ ਹੈ। ਇਕੱਲੀਆਂ ਮਹਿਲਾ ਅਧਿਆਪਕਾਂ ਨੂੰ ਸਿਖਰ ਦੁਪਹਿਰੇ ਖੇਤਾਂ ਵਿੱਚ ਜਾਣ ਦੌਰਾਨ ਸੁਰੱਖਿਆ ਅਤੇ ਆਵਾਜਾਈ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਧਿਆਪਕਾਂ ਨੇ ਦੱਸਿਆ ਕਿ ਦੁਪਹਿਰ ਸਮੇਂ ਖੇਤਾਂ ਵਿੱਚ ਕਿਸਾਨ ਵੀ ਨਹੀਂ ਮਿਲਦੇ, ਜਿਸ ਕਾਰਨ ਨੰਬਰਿੰਗ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਦਾ ਮੰਨਣਾ ਹੈ ਕਿ ਖੇਤਾਂ ਨਾਲ ਸੰਬੰਧਿਤ ਕੰਮ ਸਵੇਰੇ ਜਾਂ ਸ਼ਾਮ ਦੇ ਸਮੇਂ ਹੀ ਕੀਤਾ ਜਾਵੇ ਤਾਂ ਜੋ ਕਿਸਾਨਾਂ ਨਾਲ ਸੰਪਰਕ ਵੀ ਹੋ ਸਕੇ ਅਤੇ ਕੰਮ ਵੀ ਢੰਗ ਨਾਲ ਪੂਰਾ ਹੋ ਸਕੇ।

ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਰੋਸ ਜਤਾ ਰਹੀਆਂ ਹਨ।

—————————–

ਜਨ ਗਣਨਾ ਦੀ ਡਿਊਟੀ ਕਰਨ ਵਾਲੇ ਅਧਿਆਪਕਾਂ ਨੂੰ ਸਕੂਲ਼ਾਂ ਤੋਂ ਫਾਰਗ ਕੀਤਾ ਜਾਵੇ:- ਅਧਿਆਪਕ ਯੂਨੀਅਨ ਆਗੂ

ਐਸੀਬੀਸੀ ਟੀਚਰ ਯੂਨੀਅਨ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਤੂਰ ਨੇ ਕਿਹਾ ਕਿ ਜਨਗਣਨਾ ਇੱਕ ਸਮਾਂ ਨਿਰਧਾਰਿਤ ਹੈ ਜਿਸ ਕਰਕੇ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਅਸਥਾਈ ਤੌਰ ‘ਤੇ ਸਕੂਲਾਂ ਵਿੱਚੋਂ ਫਾਰਗ ਕੀਤਾ ਜਾਵੇ ਜਾਂ ਫਿਰ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਜਾਵੇ ਤਾਂ ਜੋ ਇਹ ਮਹੱਤਵਪੂਰਨ ਕੰਮ ਬਿਨਾਂ ਦਬਾਅ ਦੇ ਸਮੇਂ ਤੇ ਪੂਰਾ ਕੀਤਾ ਜਾ ਸਕੇ।

—————————

ਅਧਿਆਪਕ ਵਰਗ ਦਾ ਕਹਿਣਾ ਹੈ ਕਿ ਜਨਗਣਨਾ ਦੇਸ਼ ਲਈ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ ਅਤੇ ਉਹ ਇਸਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਚਾਹੁੰਦੇ ਹਨ, ਪਰ ਜ਼ਮੀਨੀ ਪੱਧਰ ‘ਤੇ ਆ ਰਹੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕਰਕੇ ਇਹ ਕੰਮ ਸਫਲ ਨਹੀਂ ਬਣਾਇਆ ਜਾ ਸਕਦਾ। 

—————————-

ਆਖਿਰ ਜਿਲ੍ਹਾ ਪ੍ਰਸ਼ਾਸਨ ਕੀ ਫੈਸਲਾ ਲੈਂਦਾ?

ਹੁਣ ਦੇਖਣਾ ਇਹ ਹੋਵੇਗਾ ਕਿ ਦੇਸ਼ ਦੀ ਜਨਗਣਨਾ ਦੇ ਅਹਿਮ ਕਾਰਜ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਅਧਿਆਪਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਕਿੰਨੀ ਗੰਭੀਰਤਾ ਨਾਲ ਧਿਆਨ ਦਿੰਦੇ ਹਨ।

Leave a Reply

Your email address will not be published. Required fields are marked *