ਸੰਗਰੂਰ, 14 ਜੂਨ Bol Punjab De, Buero
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ *“ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਸੰਭਾਲ”* ਵਿਸ਼ੇ ‘ਤੇ ਪੰਜ-ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਜਿਸ ਵਿੱਚ 27 ਕਿਸਾਨ ਔਰਤਾਂ ਅਤੇ ਪੇਂਡੂ ਨੌਜਵਾਨਾਂ ਨੂੰ ਸਫਲਤਾਪੂਰਵਕ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਕੋਰਸ ਦੀ ਸ਼ੁਰੂਆਤ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ, ਪੀ.ਏ.ਯੂ.- ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਸਿਖਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਖੇਤਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਿਖਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਨੂੰ ਕੇਵਲ ਘਰੇਲੂ ਹੁਨਰ ਵਜੋਂ ਹੀ ਨਹੀਂ, ਸਗੋਂ ਇੱਕ ਸੰਭਾਵੀ ਉੱਦਮ ਵਜੋਂ ਵੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕੇ.ਵੀ.ਕੇ. ਵੱਲੋਂ ਕਿਸਾਨ ਅਤੇ ਪੇਂਡੂ ਔਰਤਾਂ ਦੇ ਸਸ਼ਕਤੀਕਰਨ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਖਲਾਈ ਅਤੇ ਪਸਾਰ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ।
ਡਾ. ਵਿਤਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਪੀ.ਏ.ਯੂ.-ਕੇ.ਵੀ.ਕੇ., ਸੰਗਰੂਰ ਨੇ ਮੌਸਮੀ ਉਤਪਾਦਾਂ ਦੀ ਸ਼ੈਲਫ-ਲਾਈਫ ਵਧਾਉਣ ਦੀਆਂ ਵੱਖ-ਵੱਖ ਤਕਨੀਕਾਂ ‘ਤੇ ਸਿਧਾਂਤਕ ਅਤੇ ਪ੍ਰੈਕਟੀਕਲ ਸੈਸ਼ਨ ਕਰਵਾਏ। ਉਨ੍ਹਾਂ ਸਾਰਾ ਸਾਲ ਜ਼ਰੂਰੀ ਸੂਖਮ ਪੌਸ਼ਟਿਕ ਤੱਤਾਂ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਵਿੱਚ ਖੁਰਾਕ ਸੰਭਾਲ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਇਸ ਨਾਲ ਵਾਧੂ ਆਮਦਨ ਪੈਦਾ ਕਰਨ ਦੀ ਸੰਭਾਵਨਾ ਬਾਰੇ ਵੀ ਦੱਸਿਆ। ਸਿਖਿਆਰਥੀਆਂ ਨੇ ਸਕੁਐਸ਼, ਜੈਮ, ਅਚਾਰ, ਚਟਨੀਆਂ ਅਤੇ ਸ਼ਰਬਤ ਆਦਿ ਮੁੱਲ-ਵਰਧਿਤ ਉਤਪਾਦ ਤਿਆਰ ਕਰਨ ਦਾ ਵਿਹਾਰਕ ਅਭਿਆਸ ਕੀਤਾ।
ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ), ਪੀ.ਏ.ਯੂ.-ਕੇ.ਵੀ.ਕੇ., ਸੰਗਰੂਰ ਨੇ ਪੋਸ਼ਣ ਸੁਰੱਖਿਆ ਲਈ ਘਰੇਲੂ ਸਬਜ਼ੀ ਅਤੇ ਫਲ ਬਗ਼ੀਚੀ ਦੀ ਮਹੱਤਤਾ ਉਜਾਗਰ ਕੀਤੀ ਅਤੇ ਸਿਖਿਆਰਥੀਆਂ ਨੂੰ ਪਰਿਵਾਰ ਦੀ ਖੁਰਾਕ ਵਿਭਿੰਨਤਾ ਸੁਧਾਰਨ ਲਈ ਕਈ ਕਿਸਮਾਂ ਦੀਆਂ ਸਬਜ਼ੀਆਂ ਅਤੇ ਫਲ ਉਗਾਉਣ ਲਈ ਪ੍ਰੇਰਿਤ ਕੀਤਾ।
ਅਗਾਂਹਵਧੂ ਕਿਸਾਨ ਔਰਤਾਂ ਸ਼੍ਰੀਮਤੀ ਰਜਿੰਦਰ ਕੌਰ (ਕਿਰਤ ਸ਼ੈਲਫ਼ ਹੈਲਪ ਗਰੁੱਪ) ਅਤੇ ਸ਼੍ਰੀਮਤੀ ਹਰਪ੍ਰੀਤ ਕੌਰ (ਮਾਨ ਕੁਦਰਤੀ ਖੇਤੀ ਫਾਰਮ) ਨੇ ਸਿਖਿਆਰਥੀਆਂ ਨਾਲ ਫੂਡ ਪ੍ਰੋਸੈਸਿੰਗ ਅਤੇ ਸੰਭਾਲ ਨਾਲ ਸਬੰਧਤ ਆਪਣੇ ਕੀਮਤੀ ਤਜ਼ਰਬੇ ਅਤੇ ਵਿਹਾਰਕ ਸੁਝਾਅ ਸਾਂਝੇ ਕੀਤੇ। ਉਨ੍ਹਾਂ ਦੀ ਗੱਲਬਾਤ ਨੇ ਸਿਖਿਆਰਥੀਆਂ ਨੂੰ ਆਧੁਨਿਕ ਸੰਭਾਲ ਤਕਨੀਕਾਂ ਅਪਣਾਉਣ ਅਤੇ ਮੌਸਮੀ ਫਲਾਂ-ਸਬਜ਼ੀਆਂ ਦੇ ਮੁੱਲ-ਵਾਧੇ ਰਾਹੀਂ ਉੱਦਮ ਦੇ ਮੌਕੇ ਤਲਾਸ਼ਣ ਲਈ ਪ੍ਰੇਰਿਤ ਕੀਤਾ।
ਸਿਖਲਾਈ ਕੋਰਸ ਦੀ ਸਮਾਪਤੀ ਵਾਲੇ ਦਿਨ ਇੱਕ ਰੈਸਿਪੀ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸਿਖਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਕਈ ਤਰ੍ਹਾਂ ਦੇ ਮੁੱਲ-ਵਰਧਿਤ ਉਤਪਾਦ ਤਿਆਰ ਕਰਕੇ ਆਪਣੀ ਸਿੱਖਿਆ ਦਾ ਪ੍ਰਦਰਸ਼ਨ ਕੀਤਾ। ਸਿਖਿਆਰਥੀਆਂ ਨੂੰ ਪੀ.ਏ.ਯੂ. ਦਾ ਸਾਹਿਤ ਵੀ ਉਪਲਬਧ ਕਰਵਾਇਆ ਗਿਆ।