ਮਾਲੇਰਕੋਟਲਾ, ਅਸ਼ਰਫ ਅਨਸਾਰੀ Bol Punjab De, Buero
ਖੰਨਾ ਰੋਡ ‘ਤੇ ਸਥਿਤ ਬਾਬਾ ਬੋਦਲੇ ਸਾਹਿਬ ਕਬਰਸਤਾਨ ਦੇ ਕੋਲ ਲੱਗੇ ਕੂੜੇ ਦੇ ਡੰਪ ਨੂੰ ਚੁਕਵਾਉਣ ਲਈ ਅੱਜ ਮਾਲੇਰਕੋਟਲਾ ਅਤੇ ਇਲਾਕਾ ਜਮਾਲਪੁਰਾ ਦੇ ਨਿਵਾਸੀਆਂ ਵੱਲੋਂ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਦਿਆਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਸਮਾਜ ਸੇਵੀ ਪਰਵੇਜ਼ ਅਲੀ ਖਾਂ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਸਥਾਨਕ ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਚੁੱਕਦਿਆਂ ਜੰਮ ਕੇ ਭੜਾਸ ਕੱਢੀ। ਧਰਨਾਕਾਰੀਆਂ ਨੇ ਦੱਸਿਆ ਕਿ ਇਹ ਕੂੜੇ ਦਾ ਡੰਪ ਹੁਣ ਇਲਾਕਾ ਨਿਵਾਸੀਆਂ ਲਈ ਜੀਅ ਦਾ ਜੰਜਾਲ ਬਣ ਚੁੱਕਾ ਹੈ। ਇੱਥੇ ਫੈਲੀ ਗੰਦਗੀ ਕਾਰਨ ਭਿਆਨਕ ਬਦਬੂ ਆਉਂਦੀ ਹੈ ਅਤੇ ਮੱਖੀ-ਮੱਛਰਾਂ ਦੀ ਭਰਮਾਰ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਲਗਾਤਾਰ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੰਦਗੀ ਦੇ ਢੇਰ ਦੇ ਬਿਲਕੁਲ ਨਜ਼ਦੀਕ ਇੱਕ ਹਾਈ ਸਕੂਲ ਅਤੇ ਤਿੰਨ ਕਬਰਸਤਾਨ ਹਨ। ਸਕੂਲੀ ਬੱਚਿਆਂ ਨੂੰ ਹਰ ਰੋਜ਼ ਇਸ ਨਰਕ ਭਰੀ ਸਥਿਤੀ ਵਿੱਚੋਂ ਗੁਜ਼ਰਨਾ ਪੈਂਦਾ ਹੈ ਅਤੇ ਕਬਰਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਮਾਜ ਸੇਵੀ ਪਰਵੇਜ਼ ਅਲੀ ਖਾਂ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਸਥਾਨਕ ਵਿਧਾਇਕ, ਮੌਜੂਦਾ ਕੌਂਸਲਰਾਂ ਅਤੇ ਡਿਪਟੀ ਕਮਿਸ਼ਨਰ (ਡੀ.ਸੀ.) ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਵੇਲੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਸਿਆਸੀ ਆਗੂ ਹੁਣ ਲੋਕਾਂ ਦੀ ਸਾਰ ਨਹੀਂ ਲੈ ਰਹੇ। ਪ੍ਰਸ਼ਾਸਨ ਨੂੰ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਸਥਿਤੀ “ਪਰਨਾਲਾ ਉਥੇ ਦਾ ਉਥੇ” ਵਾਲੀ ਸਾਬਿਤ ਹੋ ਰਹੀ ਹੈ, ਜਿਸ ਕਾਰਨ ਲੋਕਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟ ਚੁੱਕਾ ਹੈ। ਧਰਨਾਕਾਰੀ ਲੋਕਾਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਕੂੜੇ ਦੇ ਡੰਪ ਦਾ ਪੱਕਾ ਹੱਲ ਨਹੀਂ ਹੁੰਦਾ, ਇਹ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਗਲੇ ਦੋ ਦਿਨਾਂ ਵਿੱਚ ਕੂੜੇ ਨੂੰ ਚੁੱਕਣ ਦਾ ਕੰਮ ਸ਼ੁਰੂ ਨਾ ਕੀਤਾ ਗਿਆ, ਤਾਂ ਮਾਲੇਰਕੋਟਲਾ ਦੇ ਲੋਕ ਸਮੂਹਿਕ ਤੌਰ ‘ਤੇ ਸੜਕ ਜਾਮ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਥਾਨਕ ਸਰਕਾਰ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਤੁਰੰਤ ਬੰਦ ਕੀਤਾ ਜਾਵੇ।