Headlines

*ਭਵਾਨੀਗੜ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ 27 ਮਈ ਤੋਂ 01 ਜੂਨ ਤੱਕ 20 ਦੋਸ਼ੀ ਕਾਬੂ : ਐਸ.ਐਸ.ਪੀ*

-ਨਸ਼ਿਆਂ ਦੇ ਆਦੀ 05 ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੱਡਣ ਦਾ ਇਲਾਜ ਸ਼ੁਰੂ ਕਰਵਾਇਆ- ਡਾ. ਰਵਜੋਤ ਕੌਰ ਗਰੇਵਾਲ

ਭਵਾਨੀਗੜ੍ਹ, 03 ਜੂਨ Bol Punjab De, Buero 

ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਹੈ ਕਿ ਸਬ ਡਵੀਜਨ ਭਵਾਨੀਗੜ ਦੀ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਚਲਾਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 27 ਮਈ ਤੋਂ 1 ਜੂਨ ਤੱਕ ਕੁੱਲ 20 ਦੋਸ਼ੀਆਂ ਨੂੰ ਵੱਖ ਵੱਖ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਦੀ ਕਾਰਗੁਜ਼ਾਰੀ ਦੱਸਦਿਆਂ ਐਸ.ਐਸ.ਪੀ ਡਾ. ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਡੀ.ਐਸ.ਪੀ ਸਤਨਾਮ ਸਿੰਘ ਦੀ ਨਿਗਰਾਨੀ ਹੇਠ ਥਾਣਾ ਭਵਾਨੀਗੜ ਦੇ ਏਰੀਆ ਵਿੱਚ ਪੁਲਿਸ ਨੇ ਕਾਉਂਸਲਿਗ ਕਰਕੇ ਨਸ਼ਾ ਛੱਡਣ ਦਾ ਮਨ ਬਣਾ ਚੁੱਕੇ ਨਸ਼ਿਆਂ ਦੇ ਆਦੀ 05 ਵਿਅਕਤੀਆਂ ਨੂੰ ਉਹਨਾ ਦੇ ਪਰਿਵਾਰਕ ਮੈਂਬਰਾਂ ਦੀ ਸਲਾਹ ਨਾਲ ਨਸ਼ਾ ਛੁਡਾਉ ਕੇਂਦਰ ਵਿੱਚ ਲਿਜਾ ਕੇ ਨਸ਼ਾ ਛੱਡਣ ਦੀ ਦਵਾਈ ਦਿਵਾਈ ਹੈ।

ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਇਸ ਅਰਸੇ ਦੌਰਾਨ 03 ਮੁਕਦਮੇ ਐਨ.ਡੀ.ਪੀ.ਐਸ.ਐਕਟ ਤਹਿਤ ਦਰਜ ਕਰਕੇ 07 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾ ਪਾਸੋਂ 05 ਕਿਲੋ ਭੂਕੀ ਚੂਰਾ ਪੋਸਤ, 9000 ਨਸ਼ੀਲੇ ਕੈਪਸੂਲ ਅਤੇ 100 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਮਿਤੀ 29.05.2026 ਨੂੰ ਚਾਂਦਨੀ ਟਯੂਰਿਸਟ ਕੰਪਲੈਕਸ ਵਿਖੇ ਪਾਣੀ ਵਾਲੀ ਮੋਟਰ ਦੀ ਕੇਬਲ ਤਾਰ ਚੋਰੀ ਹੋਣ ‘ਤੇ ਦੋਸ਼ੀ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ 62 ਫੁੱਟ ਕੇਬਲ ਤਾਰ ਬ੍ਰਾਮਦ ਕਰਵਾਈ ਗਈ।

ਡਾ. ਰਵਜੋਤ ਕੌਰ ਗਰੇਵਾਲ (ਆਈ.ਪੀ.ਐਸ) ਨੇ ਹੋਰ ਕਿਹਾ ਕਿ ਭਵਾਨੀਗੜ ਪੁਲਿਸ ਨੇ ਇਲਾਕੇ ਵਿੱਚ ਸੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ 61 ਵਿਅਕਤੀਆਂ ਨੂੰ ਚੈੱਕ ਕਰਨ ਉਪਰੰਤ ਜੇਰ ਧਾਰਾ 172 ਬੀਐਨਐਸਐਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਦਿਨ ਅਤੇ ਰਾਤ ਸਮੇਂ ਗਸ਼ਤ ਦੌਰਾਨ ਟ੍ਰੈਫਿਕ ਦੇ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ 37 ਵਹੀਕਲਾਂ ਦੇ ਚਲਾਣ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਉਪਰੰਤ 27 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ, ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਸਬੰਧੀ ਉਪ ਕਪਤਾਨ ਪੁਲਿਸ ਭਵਾਨੀਗੜ੍ਹ ਸਤਨਾਮ ਸਿੰਘ ਅਤੇ ਮੁੱਖ ਅਫਸਰ ਥਾਣਾ ਭਵਾਨੀਗੜ੍ਹ ਵੱਲੋਂ ਜਾਗਰੂਕ ਮੀਟਿੰਗਾਂ ਵੀ ਲਗਾਤਾਰ ਕੀਤੀਆਂ ਜਾ ਰਹੀਆਂ ਹਨ।

ਐਸ ਐਸ ਪੀ ਨੇ ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਸਬੰਧੀ ਅਪੀਲ ਕੀਤੀ ਤੇ ਕਿਹਾ ਕਿ ਥਾਣਾ ਭਵਾਨੀਗੜ ਦੇ ਵੱਖ ਵੱਖ ਥਾਵਾਂ ਵਿੱਚ ਪਿੰਡ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਰਾਹੀਂ ਪਬਲਿਕ ਮਿਲਣੀਆਂ ਕੀਤੀਆਂ ਗਈਆਂ ਹਨ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ, ਸਪੋਰਟਸ ਕਲੱਬਾਂ, ਮੋਹਤਬਰਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹ ਦੇਣ ਲਈ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਨਸ਼ੇ ਦੇ ਇਸ ਕੋਹੜ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਤੇ ਮਾੜੇ ਅਨਸਰਾਂ ਖਿਲਾਫ਼ ਸੰਗਰੂਰ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *