** ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ ਚ, ਹੋਈ ਬੰਦ
** ਇੱਕਾ ਦੁੱਕਾ ਘਟਨਾਵਾਂ ਨੂੰ ਛੱਡਕੇ ਰਹੀ ਸ਼ਾਂਤੀ
** ਵੋਟਰਾਂ ਨੇ ਸਵੇਰੇ ਸਮੇਂ ਲੰਮੀਆਂ ਕਤਾਰਾਂ ਲਾਕੇ ਪਾਈਆਂ ਵੋਟਾਂ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ– ਨਗਰ ਕੌਂਸਲ ਸੁਨਾਮ ਦੀਆਂ ਚੋਣਾਂ ਦਾ ਅਮਲ ਸੰਪੰਨ ਹੋ ਗਿਆ। ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ ਚ ਬੰਦ ਹੋ ਗਈ ਹੈ। ਜਾਣਕਾਰੀ ਮੁਤਾਬਕ 70.8 ਫੀਸਦੀ ਵੋਟਰਾਂ ਨੇ ਵੋਟਾਂ ਪਾਈਆਂ। ਇੱਕਾ ਦੁੱਕਾ ਘਟਨਾਵਾਂ ਨੂੰ ਛੱਡਕੇ ਸ਼ਹਿਰ ਅੰਦਰ ਸ਼ਾਂਤੀ ਨਾਲ ਵੋਟ ਅਮਲ ਨੇਪਰੇ ਚੜਿਆ, 23 ਮੈਂਬਰੀਂ ਕੌਂਸਲ ਦੇ 21 ਵਾਰਡਾਂ ਵਿਚ ਵੋਟਾਂ ਪਈਆਂ ਜਦਕਿ ਦੋ ਵਾਰਡਾਂ ਵਿਚ ਕੌਂਸਲਰ ਬਿਨਾਂ ਮੁਕਾਬਲਾ ਚੁਣੇ ਗਏ ਸਨ । ਮੁੱਖ ਮੁਕਾਬਲਾ ਹਾਕਮ ਧਿਰ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਅਤੇ ਆਜ਼ਾਦ ਉਮੀਦਵਾਰਾਂ ਦਰਮਿਆਨ ਦਿਖਾਈ ਦਿੱਤਾ। ਕੁੱਲ 48217 ਵੋਟਰਾਂ ਵਿੱਚੋਂ 34140 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। – ਮਰਦਾਂ ਅਤੇ – ਔਰਤ ਵੋਟਰਾਂ ਨੇ ਵੋਟਾਂ ਪਾਈਆਂ। ਵੋਟਰ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੋਲਿੰਗ ਬੂਥਾਂ ਤੇ ਪੁੱਜਣੇ ਸ਼ੁਰੂ ਹੋ ਗਏ ਜਦਕਿ ਦੁਪਹਿਰ ਸਮੇਂ ਵੋਟਾਂ ਪਾਉਣ ਦੀ ਰਫ਼ਤਾਰ ਮੱਠੀ ਰਹੀ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ, ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਾਕੇ ਵੋਟਾਂ ਪਾਈਆਂ। ਪੋਲਿੰਗ ਦਾ ਸਮਾਂ ਸਮਾਪਤ ਹੋ ਜਾਣ ਤੋਂ ਬਾਅਦ ਵੋਟ ਬਕਸੇ ਆਈ ਟੀ ਆਈ ਵਿਖੇ ਬਣਾਏ ਸਟਰਾਂਗ ਰੂਮ ਵਿੱਚ ਰੱਖ ਦਿੱਤੇ ਗਏ ਹਨ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ।