ਜੇਈ ਅਤੇ ਲਾਈਨਮੈਨ ਦੀ ਕਾਰਜਕਾਰੀ ਤੋਂ ਅਸੰਤੁਸ਼ਟੀ ਪ੍ਰਗਟ ਕੀਤੀ
ਸ਼ੇਰਪੁਰ, 25 ਮਈ (ਬਲਜੀਤ ਸਿੰਘ ਟਿੱਬਾ) Bol Punjab De, Buero
ਪਿੰਡ ਟਿੱਬਾ ਦੇ ਕਿਸਾਨਾਂ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਇਕਾਈ ਟਿੱਬਾ ਵੱਲੋਂ ਖੇਤਾਂ ਲਈ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਐਸਡੀਓ ਪਾਵਰਕੌਮ ਸ਼ੇਰਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ। ਕਿਸਾਨਾਂ ਨੇ ਆਪਣੇ ਖੇਤਰ ਵਿੱਚ ਆ ਰਹੀਆਂ ਬਿਜਲੀ ਸੰਬੰਧੀ ਸਮੱਸਿਆਵਾਂ ਬਾਰੇ ਵੀ ਵਿਭਾਗ ਨੂੰ ਜਾਣੂ ਕਰਵਾਇਆ।
ਕਿਸਾਨ ਜਥੇਬੰਦੀਆਂ ਦੇ ਇਕਾਈ ਪ੍ਰਧਾਨ ਗੁਰਜੰਟ ਸਿੰਘ ਟਿੱਬਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਸਮੇਂ ਸਿਰ ਨਹੀਂ ਮਿਲ ਰਹੀ, ਜਿਸ ਕਾਰਨ ਝੋਨੇ ਦੀ ਪਨੀਰੀ ਅਤੇ ਹੋਰ ਖੇਤੀਬਾੜੀ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਵਾਰ-ਵਾਰ ਕੱਟ ਅਤੇ ਲੰਮੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੋਹਤਵਰ ਕਿਸਾਨ ਜਸਵੀਰ ਸਿੰਘ ਜਾਵੰਧਾ, ਕਰਮਜੀਤ ਸਿੰਘ ਪੰਚ ਆਦਿ ਕਿਸਾਨਾਂ ਨੇ ਸਮੂਹਕ ਤੌਰ ਤੇ ਦਸਿਆ ਕਿ ਗੁਰਬਖਸ਼ਪੁਰ ਫੀਡਰ ਤੇ ਪਿਛਲੇ ਤਿੰਨ ਦਿਨ ਤੋਂ ਬਿਜਲੀ ਸਪਲਾਈ ਨਹੀਂ ਆ ਰਹੀ ਜਿਸ ਕਰਕੇ ਕਿਸਾਨਾਂ ਦੀਆਂ ਮੱਕੀ ਅਤੇ ਝੋਨੇ ਦੀ ਪਨੀਰੀ ਨੂੰ ਪਾਣੀ ਲਾਉਣਾ ਮੁਸ਼ਕਿਲ ਹੋ ਰਿਹਾ ਹੈ, ਉਹਨਾਂ ਵਿਭਾਗ ਦੇ ਜਈ ਅਤੇ ਲਾਈਨਮੈਨ ਸਬੰਧੀ ਆ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਅਧਿਕਾਰੀ ਸਾਡੇ ਵਾਰ ਵਾਰ ਫੋਨ ਕਰਨ ਦੇ ਬਾਵਜੂਦ ਵੀ ਫੋਨ ਨਹੀਂ ਚੁੱਕਦੇ ਜਿਸ ਕਰਕੇ ਮਜਬੂਰਨ ਅੱਜ ਸਾਨੂੰ ਇਕੱਠੇ ਹੋ ਕੇ ਐਸਡੀਓ ਪਾਵਰ ਕਾਮ ਸ਼ੇਰਪੁਰ ਦੇ ਦਫਤਰ ਆਉਣਾ ਪਿਆ। ਉਹਨਾਂ ਮੰਗ ਕੀਤੀ ਕਿ ਖੇਤੀ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਪਿੰਡਾਂ ਵਿੱਚ ਪੂਰੀ ਅਤੇ ਸੁਚੱਜੀ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪਿੰਡ ਦੇ ਕਿਸਾਨ ਹਾਜਰ ਸਨ।