Headlines

ਜਨਗਣਨਾ ਡਿਊਟੀ ਕਰਦੇ ਅਧਿਆਪਕਾਂ ਨੂੰ ਸਕੂਲੀ ਡਿਊਟੀ ਤੋਂ ਮਿਲੀ ਰਾਹਤ

ਮੁਲਾਜ਼ਮ ਜਥੇਬੰਦੀਆਂ ਦੀ ਮੰਗ ਅਤੇ ਮੀਡੀਆ ਵਿੱਚ ਚੱਲੀਆਂ ਖਬਰਾਂ ਤੋਂ ਬਾਅਦ ਡੀਸੀ ਸੰਗਰੂਰ ਵੱਲੋਂ ਆਦੇਸ਼ ਜਾਰੀ

Baljit Siingh Tibba, Buero Bol Punjab De,

ਸੰਗਰੂਰ: ਜਨਗਣਨਾ 2027 ਦੀ ਡਿਊਟੀ ਨਿਭਾ ਰਹੇ ਅਧਿਆਪਕਾਂ ਲਈ ਇੱਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਹੋਰ ਜ਼ਿਲ੍ਹਿਆਂ ਦੀ ਤਰਜ਼ ’ਤੇ ਫੈਸਲਾ ਲੈਂਦੇ ਹੋਏ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਸਕੂਲੀ ਡਿਊਟੀ ਤੋਂ ਫਾਰਗ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਫੈਸਲੇ ਤੋਂ ਬਾਅਦ ਅਧਿਆਪਕ ਵਰਗ ਅਤੇ ਮੁਲਾਜ਼ਮ ਜਥੇਬੰਦੀਆਂ ਵਿੱਚ ਸੰਤੁਸ਼ਟੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

ਜਿਕਰਯੋਗ ਹੈ ਕਿ 13 ਮਈ ਤੋਂ ਸ਼ੁਰੂ ਹੋਈ ਜਨਗਣਨਾ ਡਿਊਟੀ ਦੌਰਾਨ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਸੀ। ਅਧਿਆਪਕਾਂ ਨੂੰ ਸਕੂਲ ਸਮੇਂ ਤੋਂ ਬਾਅਦ ਵੀ ਘਰ-ਘਰ ਜਾ ਕੇ ਸਰਵੇ ਅਤੇ ਡਾਟਾ ਇਕੱਠਾ ਕਰਨ ਦਾ ਕੰਮ ਕਰਨਾ ਪੈ ਰਿਹਾ ਸੀ। ਇਸ ਕਾਰਨ ਉਹਨਾਂ ’ਤੇ ਦੋਹਰਾ ਬੋਝ ਪੈ ਰਿਹਾ ਸੀ ਅਤੇ ਅਧਿਆਪਕ ਵਰਗ ਵੱਲੋਂ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਸੀ।

ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਮੁਲਾਜ਼ਮ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜਨਗਣਨਾ ਵਰਗੇ ਵੱਡੇ ਕੰਮ ਲਈ ਲਗਾਏ ਗਏ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਛੋਟ ਦਿੱਤੀ ਜਾਵੇ ਤਾਂ ਜੋ ਉਹ ਪੂਰੀ ਤਰ੍ਹਾਂ ਜਨਗਣਨਾ ਦੇ ਕੰਮ ’ਤੇ ਧਿਆਨ ਕੇਂਦਰਿਤ ਕਰ ਸਕਣ। ਇਸ ਸਬੰਧੀ ਮੀਡੀਆ ਵਿੱਚ ਵੀ ਖਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਈਆਂ, ਜਿਨ੍ਹਾਂ ਵਿੱਚ ਅਧਿਆਪਕਾਂ ਦੀਆਂ ਮੁਸ਼ਕਲਾਂ ਅਤੇ ਮਾਨਸਿਕ ਦਬਾਅ ਨੂੰ ਉਜਾਗਰ ਕੀਤਾ ਗਿਆ ਸੀ।

ਮੀਡੀਆ ਅਤੇ ਜਥੇਬੰਦੀਆਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਡੀਸੀ ਸੰਗਰੂਰ ਨੇ ਇਹ ਫੈਸਲਾ ਲਿਆ ਹੈ। ਪ੍ਰਸ਼ਾਸਨਿਕ ਆਦੇਸ਼ਾਂ ਅਨੁਸਾਰ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਸੰਬੰਧਿਤ ਸਮੇਂ ਦੌਰਾਨ ਸਕੂਲੀ ਕਾਰਜਾਂ ਤੋਂ ਫਾਰਗ ਰੱਖਿਆ ਜਾਵੇਗਾ ਤਾਂ ਜੋ ਜਨਗਣਨਾ ਦਾ ਕੰਮ ਸੁਚੱਜੇ ਅਤੇ ਸਮੇਂ ਸਿਰ ਪੂਰਾ ਹੋ ਸਕੇ।

ਅਧਿਆਪਕ ਜਥੇਬੰਦੀਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫੈਸਲਾ ਨਾ ਸਿਰਫ਼ ਅਧਿਆਪਕਾਂ ਲਈ ਰਾਹਤਭਰਾ ਹੈ, ਸਗੋਂ ਜਨਗਣਨਾ ਦੇ ਕੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੁਕੰਮਲ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ। ਜਥੇਬੰਦੀਆਂ ਨੇ ਕਿਹਾ ਕਿ ਜੇ ਅਧਿਆਪਕਾਂ ’ਤੇ ਦੋਹਰੀ ਡਿਊਟੀ ਦਾ ਬੋਝ ਰਹਿੰਦਾ ਤਾਂ ਇਸ ਦਾ ਅਸਰ ਸਿੱਖਿਆ ਅਤੇ ਜਨਗਣਨਾ ਦੋਵੇਂ ਕੰਮਾਂ ’ਤੇ ਪੈ ਸਕਦਾ ਸੀ।

ਇਲਾਕੇ ਦੇ ਅਧਿਆਪਕਾਂ ਨੇ ਵੀ ਡੀਸੀ ਸੰਗਰੂਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਉਹ ਬਿਨਾਂ ਵਾਧੂ ਦਬਾਅ ਦੇ ਆਪਣੀ ਜਨਗਣਨਾ ਡਿਊਟੀ ਢੰਗ ਨਾਲ ਨਿਭਾ ਸਕਣਗੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਲਿਆ ਗਿਆ ਇਹ ਫੈਸਲਾ ਅਧਿਆਪਕਾਂ ਲਈ ਵੱਡੀ ਰਾਹਤ ਵਾਂਗ ਹੈ।

Leave a Reply

Your email address will not be published. Required fields are marked *