* ਅਧਿਕਾਰੀਆਂ ਨੂੰ ਕੰਮ ਸਮਾਂਬੱਧ, ਪਾਰਦਰਸ਼ੀ ਅਤੇ ਲੋਕ-ਪੱਖੀ ਢੰਗ ਨਾਲ ਨਿਪਟਾਉਣ ਦੇ ਨਿਰਦੇਸ਼
ਮਾਲੇਰਕੋਟਲਾ, 22 ਮਈ Bol Punjab De, Buero
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਵੱਲੋਂ ਜ਼ਿਲ੍ਹੇ ਵਿੱਚ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਸਮੀਖਿਆ ਮੀਟਿੰਗ ਕੀਤੀ ਗਈ। ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਦਫ਼ਤਰਾਂ ਦੀ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਹੋਰ ਜਿਆਦਾ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਅਦਾਲਤਾਂ ਵਿੱਚ ਲੰਬਿਤ ਮਾਲ ਕੇਸਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾਵੇ ਅਤੇ ਰੋਜ਼ਾਨਾ ਰਿਪੋਰਟ ਉਨ੍ਹਾਂ ਦੇ ਦਫ਼ਤਰ ਨੂੰ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾਵਾਂ ਦੇ ਨਿਪਟਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਉਨ੍ਹਾਂ ਈਜ਼ੀ ਰਜਿਸਟ੍ਰੇਸ਼ਨ, ਈਜ਼ੀ ਜਮ੍ਹਾਂਬੰਦੀ ਅਤੇ ਆਨਲਾਈਨ ਮਿਊਟੇਸ਼ਨ ਨਾਲ ਸਬੰਧਿਤ ਰਿਪੋਰਟਾਂ ਦੀ ਸਮੀਖਿਆ ਕੀਤੀ ਅਤੇ ਲੰਬਿਤ ਪਏ ਜ਼ਮੀਨੀ ਮਾਲੀਏ ਦੀ ਵਸੂਲੀ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਲ ਵਿਭਾਗ ਦੀਆਂ ਸੇਵਾਵਾਂ ਨੂੰ ਆਮ ਲੋਕਾਂ ਲਈ ਹੋਰ ਸਰਲ, ਸੁਗਮ ਅਤੇ ਪਾਰਦਰਸ਼ੀ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਬੇਲੋੜੀ ਦਫ਼ਤਰੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਭੂਮੀ ਅਧਿਗ੍ਰਹਿਣ ਨਾਲ ਸਬੰਧਿਤ ਚੱਲ ਰਹੇ ਮਾਮਲਿਆਂ, ਖਸਰਾ-ਵਾਈਜ਼ ਮੈਪਿੰਗ, ਪੈਂਡਿੰਗ ਇੰਤਕਾਲਾਂ, ਜਮ੍ਹਾਂਬੰਦੀਆਂ ਅਤੇ ਨਿਸ਼ਾਨਦੇਹੀ ਦੇ ਕੇਸਾਂ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਸਿਵਲ ਕੰਮਾਂ ਨਾਲ ਸਬੰਧਿਤ ਯੂਟਿਲਿਟੀ ਸਰਟੀਫਿਕੇਟ (ਯੂ.ਸੀ) ਸਮੇਂ ਸਿਰ ਜਮ੍ਹਾਂ ਕਰਵਾਉਣ ਦੀ ਹਦਾਇਤ ਕਰਦਿਆਂ ਅਧਿਕਾਰੀਆਂ ਨੂੰ ਕੰਮ ਵਿੱਚ ਹੋਰ ਤੇਜ਼ੀ ਅਤੇ ਪ੍ਰਭਾਵਸ਼ੀਲਤਾ ਲਿਆਉਣ ਲਈ ਕਿਹਾ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਸਵਾਮਿਤਵਾ ਸਕੀਮ ਅਧੀਨ ਚੱਲ ਰਹੇ ਕੰਮਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿੱਚ ਜਾਇਦਾਦੀ ਹੱਕਾਂ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਤਰਜੀਹ ਦੇ ਆਧਾਰ ’ਤੇ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਸਕੀਮ ਦਾ ਲਾਭ ਸਮੇਂ ਸਿਰ ਪ੍ਰਾਪਤ ਹੋ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ. ਮਾਲੇਰਕੋਟਲਾ ਕਨੂ ਗਰਗ, ਐਸ.ਡੀ.ਐਮ. ਅਹਿਮਦਗੜ੍ਹ/ਅਮਰਗੜ੍ਹ ਹਰਬੰਸ ਸਿੰਘ, ਤਹਿਸੀਲਦਾਰ ਰਿਤੂ ਗੁਪਤਾ, ਡੀ.ਡੀ.ਪੀ.ਓ ਰੂਪ ਸਿੰਘ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਏ.ਐਸ.ਐਮ ਵਿਕਾਸ ਹੰਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ