— ਕਿਹਾ ਕਿਸਾਨੀ ਨਾਲ ਜੁੜੇ ਸਵਾਲਾਂ ਦੇ ਨਹੀਂ ਦਿੱਤੇ ਜਵਾਬ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਸਾਨੀ ਨਾਲ ਜੁੜੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਜਥੇਬੰਦੀ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਭੱਜ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਕਨਵੀਨਰ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਨੇ ਆਖਿਆ ਕਿ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਲੌਂਗੋਵਾਲ ਵਿਖੇ ਨਗਰ ਕੌਂਸਲ ਚੋਣਾਂ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਏ ਸਨ, ਲੌਂਗੋਵਾਲ ਦੀ ਵਡਿਆਣੀ ਪੱਤੀ ਵਿੱਚ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੀ ਸਟੇਜ ਦੇ ਸਾਹਮਣੇ ਸਟੇਜ ਲਾਕੇ ਹਲਕੇ ਦੇ ਵਿਧਾਇਕ ਅਤੇ ਮੰਤਰੀ ਅਮਨ ਅਰੋੜਾ ਨੂੰ ਕਿਸਾਨੀ ਮੰਗਾਂ ਸਬੰਧੀ ਸਵਾਲ ਪੁੱਛੇ ਗਏ ਲੇਕਿਨ ਹਾਕਮ ਧਿਰ ਦੇ ਸੂਬਾ ਪ੍ਰਧਾਨ ਨੇ ਕੋਈ ਜਵਾਬ ਕਿਸਾਨਾਂ ਨੂੰ ਨਹੀਂ ਦਿੱਤਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਆਖਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਵਾਲ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਸ਼ੰਭੂ ਅਤੇ ਖਨੌਰੀ ਮੋਰਚੇ ਦਾ 3 ਕਰੋੜ 77 ਲੱਖ ਦੇ ਕਰੀਬ ਦਾ ਸਮਾਨ ਚੋਰੀ ਕਰਕੇ ਇਹ ਕਥਿਤ ਟਰਾਲੀ ਚੋਰਾਂ ਦੀ ਪਾਰਟੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਮੰਗਾਂ ਲਈ ਸੰਘਰਸ਼ ਕਰਦੇ ਸ਼ਹੀਦ ਹੋ ਗਏ ਪ੍ਰੀਤਮ ਸਿੰਘ ਮੰਡੇਰ ਦੇ ਪਰਿਵਾਰ ਨਾਲ ਕੀਤੇ ਲਿਖਤੀ ਵਾਅਦੇ ਸਰਕਾਰ ਅਤੇ ਪ੍ਰਸ਼ਾਸਨ ਨੇ ਪੂਰੇ ਨਹੀਂ ਕੀਤੇ ਉਲਟਾ ਸਹਿਕਾਰੀ ਸਭਾ ਦਾ ਡਿਫਾਲਟਰ ਕਰਾਰ ਦਿੱਤਾ ਗਿਆ ਹੈ। ਰੋਸ ਮੁਜ਼ਾਹਰੇ ਨੂੰ ਅਮਰ ਸਿੰਘ ਲੌਂਗੋਵਾਲ, ਸੁਖਦੇਵ ਸਿੰਘ, ਦਰਬਾਰਾ ਸਿੰਘ, ਬਲਜਿੰਦਰ ਸਿੰਘ,ਖੜਕ ਸਿੰਘ, ਰੂਪ ਸਿੰਘ ਨੇ ਵੀ ਸੰਬੋਧਨ ਕੀਤਾ।