Headlines

ਕਣਕ ਦੀ ਖਰੀਦ ਨਾ ਹੋਣ ਤੋਂ ਨਰਾਜ਼ ਕਿਸਾਨਾਂ ਨੇ ਲਾਇਆ ਧਰਨਾ 

Oplus_16908288

** ਕਿਹਾ ਸਰਕਾਰ ਦੀ ਬੇਰੁਖੀ ਕਾਰਨ ਮੰਡੀਆਂ ਚ , ਰੁਲ ਰਿਹਾ ਅੰਨਦਾਤਾ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਕਣਕ ਦੀ ਖਰੀਦ ਨਾ ਹੋਣ ਤੋਂ ਨਰਾਜ਼ ਕਿਸਾਨਾਂ ਨੇ ਸੁਨਾਮ ਦੀ ਅਨਾਜ ਮੰਡੀ ਵਿੱਚ ਸੰਕੇਤਕ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਕੁਦਰਤੀ ਕਰੋਪੀ ਦੇ ਝੰਬੇ ਕਿਸਾਨ ਹੁਣ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੋ ਰਹੇ ਹਨ। ਮੰਗਲਵਾਰ ਨੂੰ ਸੁਨਾਮ ਦੀ ਨਵੀਂ ਅਨਾਜ ਮੰਡੀ ਵਿਖੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ , ਸੁਖਪਾਲ ਸਿੰਘ ਮਾਣਕ, ਰਾਮ ਸ਼ਰਨ ਸਿੰਘ ਉਗਰਾਹਾਂ, ਯਾਦਵਿੰਦਰ ਸਿੰਘ ਚੱਠੇ ਨਕਟੇ ਅਤੇ ਗੁਰਤੇਜ ਸਿੰਘ ਮੈਦੇਵਾਸ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਬੇਰੁਖੀ ਕਾਰਨ ਅੰਨਦਾਤਾ ਕਣਕ ਵੇਚਣ ਲਈ ਮੰਡੀਆਂ ਵਿੱਚ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੁਦਰਤੀ ਕਰੋਪੀ ਦੇ ਚੱਲਦਿਆਂ ਪੰਜਾਬ ਦੇ ਖਾਸੇ ਹਿੱਸੇ ਵਿੱਚ ਗੜੇਮਾਰੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਤਬਾਹ ਕਰ ਦਿੱਤੀ ਗਈ ਹੈ ਹੁਣ ਸਰਕਾਰ ਮੰਡੀਆਂ ਵਿੱਚ ਕਣਕ ਦੀ ਖਰੀਦ ਨਹੀਂ ਕਰ ਰਹੀ, ਮਾਜੂ ਦਾਣੇ ਦਾ ਬਹਾਨਾ ਬਣਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਣਕ ਦੀ ਖਰੀਦ ਸਬੰਧੀ ਕੋਰਾ ਝੂਠ ਬੋਲ ਰਹੀ ਹੈ।

ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਂਦੀ ਹੈ ਲੇਕਿਨ ਹੁਣ ਅਪ੍ਰੈਲ ਦਾ ਅੱਧਾ ਮਹੀਨਾ ਲੰਘ ਚੁੱਕਾ ਹੈ, ਕਣਕ ਦਾ ਇੱਕ ਵੀ ਗੱਟਾ ਨਹੀਂ ਖਰੀਦਿਆ ਗਿਆ । ਉਨ੍ਹਾਂ ਆਖਿਆ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਇੱਕ ਅੱਧੀ ਢੇਰੀ ਦੀ ਬੋਲੀ ਕਰਵਾਕੇ ਫੋਟੋਆਂ ਲਗਵਾਉਣ ਤੱਕ ਸੀਮਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਣਕ ਦੀ ਖਰੀਦ ਨੂੰ ਸੁਚਾਰੂ ਨਾ ਬਣਾਇਆ ਤਾਂ ਮੰਡੀਆਂ ਵਿੱਚ ਪੱਕੇ ਧਰਨੇ ਲਾਏ ਜਾਣਗੇ।

Leave a Reply

Your email address will not be published. Required fields are marked *