Headlines

*ਪੁਰਾਤਨ ਹੱਥ-ਲਿਖਤ ਖਰੜਿਆਂ ਸਬੰਧੀ ਗਿਆਨ ਭਾਰਤਮ ਮੋਬਾਈਲ ਐਪਲੀਕੇਸ਼ਨ ‘ਤੇ ਰਜਿਸਟ੍ਰੇਸ਼ਨ ਕਰਨ ਦੀ ਅਪੀਲ*

ਸੰਗਰੂਰ, 11 ਅਪ੍ਰੈਲ Bol Punjab De, Buero 

*ਨੈਸ਼ਨਲ ਮੈਨੂਸਕ੍ਰਿਪਟ ਸਰਵੇ ਹੇਠ ਖਰੜਿਆਂ ਦੀ ਭਾਲ ਤੇ ਸੰਭਾਲ ਲਈ ਉਪਰਾਲਾ

ਸਹਾਇਕ ਕਮਿਸ਼ਨਰ (ਜਨਰਲ) ਸੰਗਰੂਰ ਸ੍ਰ ਰਾਜਬੀਰ ਸਿੰਘ ਭੰਗੂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਧੀਨ ਚੱਲ ਰਹੇ ਨੈਸ਼ਨਲ ਮਿਸ਼ਨ ਫ਼ਾਰ ਮੈਨੂਸਕ੍ਰਿਪਟਸ (NMM) ਤਹਿਤ ਨੈਸ਼ਨਲ ਮੈਨੂਸਕ੍ਰਿਪਟ ਸਰਵੇਅ ਇੱਕ ਅਹਿਮ ਪਹਿਲ ਹੈ, ਜਿਸ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਫੈਲੇ ਹੋਏ ਪ੍ਰਾਚੀਨ ਅਤੇ ਇਤਿਹਾਸਕ ਹੱਥ-ਲਿਖਤ ਖਰੜਿਆਂ ਦੀ ਭਾਲ, ਸੂਚੀਬੱਧਤਾ ਅਤੇ ਸੰਭਾਲ ਕਰਨਾ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਸ੍ਰ ਭੰਗੂ ਨੇ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ, ਧਾਰਮਿਕ ਸੰਸਥਾਵਾਂ, ਲਾਇਬ੍ਰੇਰੀਆਂ ਅਤੇ ਨਿੱਜੀ ਸੰਗ੍ਰਹਿ ਰੱਖਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਕੋਲ ਕੋਈ ਵੀ ਪੁਰਾਤਨ ਹੱਥ-ਲਿਖਤ ਖਰੜੇ ਮੌਜੂਦ ਹਨ ਤਾਂ ਉਹ ਗਿਆਨ ਭਾਰਤਮ ਮੋਬਾਈਲ ਐਪਲੀਕੇਸ਼ਨ ‘ਤੇ ਰਜਿਸਟ੍ਰੇਸ਼ਨ ਕਰ ਕੇ ਲੋੜੀਂਦੀ ਜਾਣਕਾਰੀ ਅਪਲੋਡ ਕਰਨ, ਤਾਂ ਜੋ ਇਸ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਕੀਤਾ ਜਾ ਸਕੇ।

ਇਸ ਸਰਵੇ ਤਹਿਤ ਖਰੜਿਆਂ ਦੀ ਭਾਲ ਦੇ ਨਾਲ-ਨਾਲ ਉਨ੍ਹਾਂ ਦੀ ਵਿਗਿਆਨਕ ਢੰਗ ਨਾਲ ਸੰਭਾਲ ਅਤੇ ਡਿਜੀਟਾਈਜ਼ੇਸ਼ਨ ਵੀ ਕੀਤੀ ਜਾਂਦੀ ਹੈ, ਜਿਸ ਨਾਲ ਇਹ ਦਸਤਾਵੇਜ਼ ਲੰਬੇ ਸਮੇਂ ਤੱਕ ਸੁਰੱਖਿਅਤ ਰਹਿ ਸਕਣ ਅਤੇ ਭਵਿੱਖੀ ਪੀੜ੍ਹੀਆਂ ਲਈ ਉਪਲਬਧ ਹੋਣ।

ਇਸ ਮਿਸ਼ਨ ਤਹਿਤ ਹੁਣ ਤਕ ਲੱਖਾਂ ਖਰੜਿਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਅਤੇ ਵੱਡੀ ਗਿਣਤੀ ਵਿੱਚ ਇਨ੍ਹਾਂ ਨੂੰ ਡਿਜੀਟਲ ਰੂਪ ਵਿੱਚ ਸੁਰੱਖਿਅਤ ਕੀਤਾ ਗਿਆ ਹੈ।

ਸ੍ਰ ਭੰਗੂ ਨੇ ਦੱਸਿਆ ਕਿ ਸਰਵੇਖਣ ਰਾਹੀਂ ਇਕੱਠੀ ਕੀਤੀ ਜਾਣਕਾਰੀ ਨੂੰ ਕੌਮੀ ਪੱਧਰ ਦੇ ਇਲੈਕਟ੍ਰਾਨਿਕ ਕੈਟਾਲਾਗ ਵਿੱਚ ਦਰਜ ਕੀਤਾ ਜਾਂਦਾ ਹੈ, ਜਿਸ ਨਾਲ ਖੋਜ ਕਰਨ ਵਾਲਿਆਂ ਅਤੇ ਵਿਦਵਾਨਾਂ ਨੂੰ ਇਸ ਮਹੱਤਵਪੂਰਨ ਵਿਰਾਸਤ ਤਕ ਆਸਾਨ ਪਹੁੰਚ ਮਿਲਦੀ ਹੈ।

ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਹੱਤਵਪੂਰਨ ਰਾਸ਼ਟਰੀ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਂਦੇ ਹੋਏ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਰੱਖਿਆ ਵਿੱਚ ਯੋਗਦਾਨ ਪਾਇਆ ਜਾਵੇ।

Leave a Reply

Your email address will not be published. Required fields are marked *