ਸੰਗਰੂਰ, Bol Punjab De, Buero
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ‘ਸਰਕਾਰ ਲੋਕਾਂ ਦੇ ਦੁਆਰ’ ਨੀਤੀ ਤਹਿਤ ਜਨਤਕ ਮੁਸ਼ਕਿਲਾਂ ਨੂੰ ਜ਼ਮੀਨੀ ਪੱਧਰ ‘ਤੇ ਹੱਲ ਕਰਨ ਲਈ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵੱਲੋਂ ਪਿੰਡ ਫਤਿਹਗੜ੍ਹ ਛੰਨਾਂ ਵਿਖੇ ਇਲਾਕੇ ਦੇ ਮੋਹਤਬਰਾਂ ਅਤੇ ਸੂਝਵਾਨ ਸੱਜਣਾਂ ਨਾਲ ਇੱਕ ਵਿਸ਼ੇਸ਼ ਜਨਤਕ ਬੈਠਕ ਕੀਤੀ ਗਈ। ਪਿੰਡ ਵਾਸੀਆਂ ਦੇ ਇਸ ਭਰਵੇਂ ਇਕੱਠ ਦੌਰਾਨ ਸਥਾਨਕ ਲੋੜਾਂ, ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਲੋਕ ਹਿੱਤ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਖੁੱਲ੍ਹ ਕੇ ਚਰਚਾ ਕੀਤੀ ਗਈ ਅਤੇ ਪਿੰਡ ਦੀ ਤਰੱਕੀ ਲਈ ਭਵਿੱਖ ਦੀ ਵਿਸਥਾਰਪੂਰਵਕ ਰੂਪ-ਰੇਖਾ ਸਾਂਝੀ ਕੀਤੀ ਗਈ।
ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ‘ਰੰਗਲੇ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪਿੰਡਾਂ ਦਾ ਸਰਵਪੱਖੀ ਵਿਕਾਸ ਸਰਕਾਰ ਦੀ ਮੁੱਖ ਵਚਨਬੱਧਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਸਾਫ਼ ਪੀਣ ਵਾਲੇ ਪਾਣੀ, ਆਧੁਨਿਕ ਨਿਕਾਸੀ ਸਿਸਟਮ ਅਤੇ ਲਿੰਕ ਸੜਕਾਂ ਦੇ ਨਿਰਮਾਣ ਲਈ ਵਿਸ਼ੇਸ਼ ਗ੍ਰਾਂਟਾਂ ਬਿਨਾਂ ਕਿਸੇ ਪੱਖਪਾਤ ਦੇ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਘਰਾਂ ਦੇ ਨੇੜੇ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ‘ਆਮ ਆਦਮੀ ਕਲੀਨਿਕ’ ਨਿਰੰਤਰ ਬਿਹਤਰ ਸੇਵਾਵਾਂ ਦੇ ਰਹੇ ਹਨ, ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕ ਕੇ ਸਿੱਖਿਆ ਢਾਂਚੇ ਨੂੰ ਵਿਸ਼ਵ-ਪੱਧਰੀ ਬਣਾਇਆ ਜਾ ਰਿਹਾ ਹੈ, ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ‘ਤੇ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਿਸ਼ ਦੇ ਹਜ਼ਾਰਾਂ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ 80 ਫੀਸਦੀ ਤੋਂ ਵੱਧ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ।
ਚੇਅਰਮੈਨ ਡਾ. ਜਵੰਧਾ ਨੇ ਪਿੰਡ ਫਤਿਹਗੜ੍ਹ ਛੰਨਾਂ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਮਿਲੇ ਨਿੱਘੇ ਸਵਾਗਤ, ਅਥਾਹ ਪਿਆਰ ਅਤੇ ਅਟੁੱਟ ਸਮਰਥਨ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਇਹੋ ਸਾਥ ਹੀ ਸਾਡੀ ਅਸਲ ਪੂੰਜੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਿੰਡ ਦੀਆਂ ਸਾਰੀਆਂ ਜਨਤਕ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕਰਵਾਇਆ ਜਾਵੇਗਾ ਅਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਪਿੰਡ ਫਤਿਹਗੜ੍ਹ ਛੰਨਾਂ ਦੇ ਸਰਪੰਚ ਜਗਮੇਲ ਸਿੰਘ, ਪੰਚਾਇਤ ਮੈਂਬਰਾਂ ਅਤੇ ਹਾਜ਼ਰ ਮੋਹਤਬਰਾਂ ਨੇ ਚੇਅਰਮੈਨ ਡਾ. ਮਿੰਕੂ ਜਵੰਧਾ ਵੱਲੋਂ ਖ਼ੁਦ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦੇ ਦੁੱਖ-ਸੁੱਖ ਸਾਂਝੇ ਕਰਨ ਅਤੇ ਸਮੱਸਿਆਵਾਂ ਨੂੰ ਮੌਕੇ ‘ਤੇ ਸੁਣ ਕੇ ਹੱਲ ਕਰਨ ਦੀ ਇਸ ਸਕਾਰਾਤਮਕ ਪਹੁੰਚ ਦੀ ਭਰਪੂਰ ਸ਼ਲਾਘਾ ਕੀਤੀ। ਇਸ ਅਹਿਮ ਮੀਟਿੰਗ ਵਿੱਚ ਸਰਪੰਚ ਜਗਮੇਲ ਸਿੰਘ, ਬਲਦੇਵ ਸਿੰਘ ਮੈਂਬਰ, ਦੀਦਾਰ ਸਿੰਘ ਮੈਂਬਰ, ਅਵਤਾਰ ਸਿੰਘ ਵੀਰ ਮੈਂਬਰ, ਨਿਰਮਲ ਸਿੰਘ ਫੌਜੀ, ਜੱਗੀ ਸਿੰਘ, ਤੀਰਥ ਸਿੰਘ, ਤੇਜੀ ਸਿੰਘ, ਜਸਕਰਨ ਸਿੰਘ ਵੀਰ, ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੀ ਪੰਚਾਇਤ, ਪਾਰਟੀ ਦੇ ਸੀਨੀਅਰ ਅਹੁਦੇਦਾਰ, ਨੌਜਵਾਨ ਆਗੂ ਅਤੇ ਨਗਰ ਨਿਵਾਸੀ ਹਾਜ਼ਰ ਸਨ।