* ਪਤੀ ਸਣੇ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ਼
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਚੀਮਾਂ ਮੰਡੀ ਦੀ ਇੱਕ ਵਿਆਹੁਤਾ ਔਰਤ ਦੀ ਉਸ ਦੇ ਸਹੁਰੇ ਪਿੰਡ ਮਾਖਾ ਚਹਿਲਾਂ ਵਿਖੇ ਸ਼ੱਕੀ ਹਾਲਾਤ ‘ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਥਾਣਾ ਜੋਗਾ ਦੀ ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਸਮੇਤ ਚਾਰ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਵਿਆਹੁਤਾ ਔਰਤ ਚੰਦ ਕੌਰ ਦੇ ਭਰਾ ਮੱਖਣ ਸਿੰਘ ਵਾਸੀ ਚੀਮਾਂ ਮੰਡੀ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਅਵਤਾਰ ਸਿੰਘ ਵਾਸੀ ਮਾਖਾ ਚਹਿਲਾਂ ਨਾਲ ਹੋਇਆ ਸੀ। ਸਹੁਰੇ ਪਰਿਵਾਰ ਦੇ ਮੈਂਬਰ ਅਕਸਰ ਦਾਜ ਦੀ ਮੰਗ ਕਰਦੇ ਰਹਿੰਦੇ ਸਨ।ਉਸ ਨੇ ਕਿਹਾ ਕਿ 31 ਮਈ ਦੀ ਰਾਤ ਉਸ ਨੂੰ ਫ਼ੋਨ ਕਰ ਕੇ ਦੱਸਿਆ ਗਿਆ ਕਿ ਚੰਦ ਕੌਰ ਦੀ ਤਬੀਅਤ ਖ਼ਰਾਬ ਹੈ ਅਤੇ ਉਸ ਨੂੰ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉੱਥੇ ਡਾਕਟਰਾਂ ਨੇ ਸ਼ੱਕ ਜਤਾਇਆ ਕਿ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਖਾਧਾ ਜਾਂ ਉਸ ਨੂੰ ਪਿਲਾਇਆ ਹੋ ਸਕਦਾ ਹੈ। ਇਸ ਤੋਂ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ। ਮ੍ਰਿਤਕ ਔਰਤ ਦੇ ਭਰਾ ਵਲੋਂ ਥਾਣਾ ਜੋਗਾ ਵਿਖੇ ਲਿਖਵਾਈ ਸ਼ਿਕਾਇਤ ਅਨੁਸਾਰ ਉਸਦੇ ਪਤੀ ਅਵਤਾਰ ਸਿੰਘ ਨੇ ਪਹਿਲਾਂ ਵੀ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਉਸ ਦੇ ਪਰਿਵਾਰ ਵੱਲੋਂ ਵੀ ਫਰਿੱਜ ਅਤੇ ਅਲਮਾਰੀ ਦੀ ਮੰਗ ਕੀਤੀ ਜਾ ਰਹੀ ਸੀ। ਉਸ ਨੇ ਦੋਸ਼ ਲਗਾਇਆ ਕਿ ਪਤੀ ਅਵਤਾਰ ਸਿੰਘ, ਸੱਸ ਪਰਮਜੀਤ ਕੌਰ, ਸਹੁਰਾ ਰਾਜ ਸਿੰਘ ਅਤੇ ਤਾਇਆ ਸਹੁਰਾ ਨਾਜ਼ਮ ਸਿੰਘ ਨੇ ਮਿਲਕੇ ਚੰਦ ਕੌਰ ਨੂੰ ਕੋਈ ਨਸ਼ੀਲਾ ਜਾਂ ਜ਼ਹਿਰੀਲਾ ਪਦਾਰਥ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋਈ।ਥਾਣਾ, ਜੋਗਾ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਥਾਣਾ ਜੋਗਾ ਵਿਖੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮ੍ਰਿਤਕਾ ਦੇ ਪਤੀ ਅਵਤਾਰ ਸਿੰਘ, ਪਰਮਜੀਤ ਕੌਰ, ਰਾਜ ਸਿੰਘ ਅਤੇ ਨਾਜ਼ਮ ਸਿੰਘ ਵਾਸੀ ਮਾਖਾ ਚਹਿਲਾਂ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।