Headlines

ਦਵਾਈਆਂ ਦੀ ਆਨ ਲਾਈਨ ਵਿਕਰੀ ਤੇ ਭੜਕੇ ਕੈਮਿਸਟ

Oplus_16908288

** 20 ਮਈ ਨੂੰ ‘ਭਾਰਤ ਬੰਦ’ ਦਾ ਕੀਤਾ ਐਲਾਨ 

** ਕੈਮਿਸਟਾਂ ਨੇ ਸੰਸਦ ਮੈਂਬਰ ਮੀਤ ਹੇਅਰ ਨੂੰ ਸੌਂਪਿਆ ਮੰਗ ਪੱਤਰ

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਦਵਾਈਆਂ ਦੀ ਆਨ ਲਾਈਨ ਵਿਕਰੀ ਦੇ ਗੈਰ-ਕਾਨੂੰਨੀ ਸੰਚਾਲਨ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਮਨਮਾਨੀਆਂ ਨੀਤੀਆਂ ਦੇ ਖਿਲਾਫ ਦੇਸ਼ ਭਰ ਦੇ ਦਵਾਈ ਵਿਕਰੇਤਾਵਾਂ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਸੰਗਰੂਰ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਨੇ ਸੰਗਰੂਰ ਤੋਂ ਸੰਸਦ ਮੈਂਬਰ ਮੀਤ ਹੇਅਰ ਨੂੰ ਇੱਕ ਮੰਗ ਪੱਤਰ ਸੌਂਪਕੇ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਉਠਾਉਣ ਦੀ ਮੰਗ ਕੀਤੀ ਹੈ। ਕੈਮਿਸਟਾਂ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 20 ਮਈ 2026 ਨੂੰ ਦੇਸ਼ ਭਰ ਵਿੱਚ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ।

ਲੋਕ ਸਿਹਤ ਨਾਲ ਖਿਲਵਾੜ ਦੇ ਦੋਸ਼

ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਅਤੇ ਜਨਰਲ ਸਕੱਤਰ ਰਾਜੀਵ ਜੈਨ ਨੇ ਆਨਲਾਈਨ ਦਵਾਈ ਪਲੇਟਫਾਰਮਾਂ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ ਬਿਨਾਂ ਕਿਸੇ ਸਖ਼ਤ ਨਿਯਮਾਂ ਦੇ ਕੰਮ ਕਰ ਰਹੇ ਹਨ, ਜਿਸ ਨਾਲ ਨਾ ਸਿਰਫ਼ ਵਪਾਰ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਆਮ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਹੈ। ਆਨਲਾਈਨ ਦਵਾਈਆਂ ਦੀ ਵਿਕਰੀ ਸਮੇਂ ਅਸਲ ਪਰਚੀਆਂ ਦੀ ਜਾਂਚ ਨਹੀਂ ਕੀਤੀ ਜਾ ਰਹੀ। ਉਨ੍ਹਾਂ ਆਖਿਆ ਕਿ ਡਾਕਟਰੀ ਪਰਚੀਆਂ ਦੀ ਤਸਦੀਕ ਨਾ ਹੋਣ ਕਾਰਨ ਐਂਟੀਬਾਇਓਟਿਕਸ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਵਧ ਰਹੀ ਹੈ। ਫਾਰਮਾਸਿਸਟ ਅਤੇ ਮਰੀਜ਼ ਵਿਚਕਾਰ ਸਿੱਧਾ ਸੰਪਰਕ ਨਾ ਹੋਣ ਅਤੇ ਦਵਾਈਆਂ ਦੇ ਗਲਤ ਭੰਡਾਰਨ ਕਾਰਨ ਨਕਲੀ ਦਵਾਈਆਂ ਦਾ ਖ਼ਤਰਾ ਬਣਿਆ ਹੋਇਆ ਹੈ।ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਪਰਚੀਆਂ ‘ਤੇ ਪਾਬੰਦੀਸ਼ੁਦਾ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜੋ ਜਨਤਕ ਸਿਹਤ ਲਈ ਘਾਤਕ ਹਨ। 

ਕੈਮਿਸਟਾਂ ਦਾ ਕਹਿਣਾ ਹੈ ਕਿ ਵੱਡੇ ਕਾਰਪੋਰੇਟ ਘਰਾਣੇ ‘ਪ੍ਰੀਡੇਟਰੀ ਪ੍ਰਾਈਸਿੰਗ’ (ਭਾਰੀ ਛੋਟ) ਰਾਹੀਂ ਛੋਟੇ ਅਤੇ ਦਰਮਿਆਨੇ ਕੈਮਿਸਟਾਂ ਨੂੰ ਬਾਜ਼ਾਰ ਵਿੱਚੋਂ ਬਾਹਰ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਕੈਮਿਸਟ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ। ਜੇਕਰ ਇਹ ਖ਼ਤਮ ਹੋ ਗਏ ਤਾਂ ਭਵਿੱਖ ਵਿੱਚ ਦਵਾਈਆਂ ਦੀ ਉਪਲਬਧਤਾ ਅਤੇ ਕੀਮਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ।

ਮੁੱਖ ਮੰਗਾਂ:

1. ਈ-ਫਾਰਮੇਸੀ ‘ਤੇ ਲਗਾਮ: ਗੈਰ-ਕਾਨੂੰਨੀ ਅਤੇ ਅਨਿਯਮਿਤ ਆਨਲਾਈਨ ਪਲੇਟਫਾਰਮਾਂ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ।

2. ਪੁਰਾਣੇ ਨਿਯਮਾਂ ਦੀ ਬਹਾਲੀ: ਕੋਵਿਡ-19 ਦੌਰਾਨ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੂੰ ਵਾਪਸ ਲਿਆ ਜਾਵੇ, ਜਿਸ ਦੀ ਆੜ ਵਿੱਚ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਛੋਟੇ ਵਪਾਰੀਆਂ ਦੀ ਸੁਰੱਖਿਆ ਲਈ ਕਾਰਪੋਰੇਟ ਕੰਪਨੀਆਂ ਦੀਆਂ ਭਾਰੀ ਛੋਟ ਵਾਲੀਆਂ ਨੀਤੀਆਂ ਨੂੰ ਰੋਕਿਆ ਜਾਵੇ।

ਅੰਦੋਲਨ ਦਾ ਅਲਟੀਮੇਟਮ:

ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ ਦੇ ਸੱਦੇ ‘ਤੇ ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਹੈ ਕਿ 20 ਮਈ ਦਾ ਦੇਸ਼ ਵਿਆਪੀ ਬੰਦ ਸਿਰਫ਼ ਸ਼ੁਰੂਆਤ ਹੈ। ਜੇਕਰ ਸਰਕਾਰ ਨੇ ਜਲਦੀ ਦਖਲ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਜੈਬ ਸੈਣੀ ਅਤੇ ਬਲਵਿੰਦਰ ਬਬਲਾ ਵੀ ਹਾਜ਼ਰ ਸਨ

Leave a Reply

Your email address will not be published. Required fields are marked *