** ਕਿਹਾ ਮੁੱਖ ਮੰਤਰੀ ਦੇ ਦੌਰੇ ਮੌਕੇ ਕਿਸਾਨਾਂ ਨਾਲ ਖਿੱਚਧੂਹ ਕਰਨਾ ਸ਼ਰਮਨਾਕ ਕਾਰਾ
— ਮੁੱਖ ਮੰਤਰੀ ਤੋਂ ਸਵਾਲ ਪੁੱਛਣੇ ਲੋਕਾਂ ਦਾ ਜਮਹੂਰੀ ਹੱਕ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਅਤੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੜ੍ਹਬਾ ਦੌਰੇ ਦੌਰਾਨ ਕਿਸਾਨਾਂ ਸਵਾਲ ਪੁੱਛਣ ਜਾਂਦੇ ਕਿਸਾਨਾਂ ਨਾਲ ਪੁਲਿਸ ਵੱਲੋਂ ਖਿੱਚਧੂਹ ਕਰਨੀ ਸ਼ਰਮਨਾਕ ਕਾਰੇ ਤੋਂ ਘੱਟ ਨਹੀਂ ਹੈ। ਮੁੱਖ ਮੰਤਰੀ ਤੋਂ ਸਵਾਲ ਪੁੱਛਣੇ ਲੋਕਾਂ ਦਾ ਜਮਹੂਰੀ ਹੱਕ ਹੈ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂਆਂ ਰਾਜਿੰਦਰ ਦੀਪਾ ਅਤੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਸੂਬੇ ਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸਾਨਾਂ ‘ਤੇ ਅੱਤਿਆਚਾਰ ਜਾਰੀ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦੌਰੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਆਜ਼ਾਦ) ਦੇ ਆਗੂ ਤੇ ਵਰਕਰ ਆਪਣੀਆਂ ਮੰਗਾਂ ਸਬੰਧੀ ਸਵਾਲ ਪੁੱਛਣਾ ਚਾਹੁੰਦੇ ਸਨ। ਪਰੰਤੂ ਪੁਲਿਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨਾ ਸਿਰਫ ਰੋਕਿਆ, ਸਗੋਂ ਉਨ੍ਹਾਂ ਨਾਲ ਧੱਕਾਮੁੱਕੀ ਵੀ ਕੀਤੀ। ਰਾਜਿੰਦਰ ਦੀਪਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਖੇਤਰ ਵਿੱਚ ਅੰਨਦਾਤਾ ਨੂੰ ਅਪਮਾਨਿਤ ਕਰਨਾ ਬੇਹੱਦ ਸ਼ਰਮਨਾਕ, ਨਿੰਦਣਯੋਗ ਅਤੇ ਮੰਦਭਾਗਾ ਹੈ।
**ਦਾਅਵਿਆਂ ਅਤੇ ਹਕੀਕਤ ਵਿੱਚ ਵੱਡਾ ਪਾੜਾ
ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਕਿਹਾ ਕਿ ਸਰਕਾਰ ਜਨਤਕ ਥਾਵਾਂ ‘ਤੇ ਮੀਟਿੰਗਾਂ ਕਰਨ ਦੇ ਦਾਅਵੇ ਤਾਂ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਆਮ ਜਨਤਾ ਨੂੰ ਮੁੱਖ ਮੰਤਰੀ ਤੱਕ ਪਹੁੰਚਣ ਹੀ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਿਰੋਧ ਦੀ ਆਵਾਜ਼ ਨੂੰ ਦਬਾਕੇ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਕਾਂਗਰਸੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਇਲਾਕੇ ਵਿੱਚ ਕਿਸਾਨਾਂ ਨਾਲ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਜਨਤਾ ਦੇ ਸਵਾਲਾਂ ਦਾ ਜਵਾਬ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ।