Headlines

ਚਾਨਣ ਦਾ ਮਸੀਹਾ ਸਾਬਕਾ ਡੀ.ਐੱਸ.ਪੀ. ਨਾਹਰ ਸਿੰਘ ਫਤਿਹਮਾਜਰੀ

Bol Punjab De, Buero 

ਨਾਹਰ ਸਿੰਘ ਫਤਿਹਮਾਜਰੀ ਪੰਜਾਬੀਆਂ ਦੀ ਜਿਉਂਦੀ-ਜਾਗਦੀ ਸੋਹਣੀ ਤਸਵੀਰ ਤੇ ਤਾਸੀਰ ਹਨ। ਇਨਸਾਨੀ ਜੀਵਨ ਕੁਦਰਤ ਵੱਲੋਂ ਮਿਲ਼ਿਆ ਸਭ ਤੋਂ ਅਨਮੋਲ ਤੋਹਫਾ ਹੁੰਦਾ ਹੈ। ਹਰ ਇਨਸਾਨ ਨੂੰ ਆਪਣੇ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਕੋਈ ਨਾ ਕੋਈ ਕਿੱਤਾ ਅਪਣਾਉਣਾ ਪੈਂਦਾ ਹੈ ਜਾਂ ਫਿਰ ਕਹਿ ਲਵੋ ਕੁਦਰਤ ਵੱਲੋਂ ਹਰ ਵਿਅਕਤੀ ਨੂੰ ਕੋਈ ਨਾ ਕੋਈ ਜਿੰਮੇਵਾਰੀ ਸੌਂਪੀ ਜਾਂਦੀ ਹੈ। ਉਸੇ ਤਰ੍ਹਾਂ ਹੀ ਤੁਹਾਡੇ ਜਿੰਮੇ ਵੀ ਬਹੁਤ ਹੀ ਪਾਕ-ਪਵਿੱਤਰ ਡਿਊਟੀ ਦੇਸ਼ ਦੀ ਸੇਵਾ ਕਰਨ ਦੀ ਲੱਗੀ। ਤੁਸੀਂ ਮਿਤੀ 11-05-1977 ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਭਰਤੀ ਹੋਏ ਤੇ ਬਾਅਦ ਬਤੌਰ ਡੀ.ਐੱਸ.ਪੀ. 30 ਅਪ੍ਰੈਲ 2018 ਨੂੰ ਸੇਵਾ ਮੁਕਤ ਹੋਏ। ਪੰਛੀਆਂ ਵਾਂਗ ਹੀ ਮੁਲਾਜ਼ਮਾਂ ਦੀ ਚੋਗ ਵੀ ਵੱਖੋ-ਵੱਖ ਥਾਵਾਂ ‘ਤੇ ਖਿਲਾਰੀ ਹੁੰਦੀ ਹੈ , ਜਿਹੜੀ ਕਿ ਬਦਲੀਆਂ ਜਾਂ ਤਰੱਕੀਆਂ ਕਾਰਨ ਥਾਂ-ਥਾਂ ਜਾ ਕੇ ਚੁਗਣੀ ਪੈਂਦੀ ਹੈ। ਤੁਸੀਂ ਵੀ ਆਪਣੇ ਇੱਕ ਪੜਾਅ ਦੀ ਚੋਗ ਖਤਮ ਕਰਕੇ ਲਗਭਗ 41 ਸਾਲ ਦੀ ਮਾਣਮੱਤੀ ਸੇਵਾ ਨੂੰ ਬਾਖੂਬੀ ਪੂਰੀ ਕਰਨ ਤੋਂ ਮਗਰੋਂ ਆਪਣੀ ਬੇਦਾਗ ਚਿੱਟੀ ਚਾਦਰ ਲੈ ਕੇ ਸੇਵਾ ਮੁਕਤ ਹੋਏ ਹੋ।

ਆਪ ਜੀ ਦੀ ਸ਼ੁਰੂ ਤੋਂ ਹੀ ਇਹ ਕੋਸ਼ਿਸ਼ ਰਹੀ ਕਿ ਇੱਕ ਸੋਹਣੇ ਸੰਸਾਰ ਦੀ ਸਿਰਜਣਾ ਵਿੱਚ ਯੋਗਦਾਨ ਪਾਇਆ ਜਾਵੇ। ਚੰਗੇ ਕੰਮਾਂ ਲਈ ਆਪ ਜੀ ਦੀ ਰੂਹ ਹਮੇਸ਼ਾ ਤਤਪਰ ਰਹਿੰਦੀ ਹੈ। ਕਿਹਾ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਦਾਨ ਖੂਨਦਾਨ ਹੁੰਦਾ ਹੈ। ਜਿਸ ਨਾਲ਼ ਇਕ ਉਮੀਦ ਗੁਆ ਚੁੱਕੇ ਇਨਸਾਨ ਨੂੰ ਨਵੀਂ ਜ਼ਿੰਦਗੀ ਮਿਲ਼ਦੀ ਹੈ। ਤੁਸੀਂ ਹੁਣ ਤੱਕ ਲਗਪਗ 60 ਵਾਰ ਖੂਨਦਾਨ ਕਰ ਚੁੱਕੇ ਹੋ। ਤੁਸੀਂ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਵੀ ਮਦਦ ਕਰਦੇ ਰਹਿੰਦੇ ਹੋ। ਆਪ ਜੀ ਨੇ ਧੂਰੀ ਹਲਕੇ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਦੌਰਾਨ ਬਹੁਤ ਸ਼ਲਾਘਾਯੋਗ ਕਾਰਜ ਕੀਤੇ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਮਿਸਾਲਾਂ ਮਿਲ਼ਦੀਆਂ ਹਨ , ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਨਾਹਰ ਸਿੰਘ ਫਤਿਹਮਾਜਰੀ ਕੁਦਰਤ ਨੂੰ ਪਿਆਰ ਕਰਨ ਵਾਲ਼ਾ ਇਨਸਾਨ ਹੈ। ਆਪ ਜੀ ਦੀ ਰੂਹ ਵਿੱਚ ਕਿੰਨੇ ਹੀ ਪੱਤਣਾਂ ਦਾ ਪਾਣੀ ਹੈ। ਨਾਹਰ ਸਿੰਘ ਫਤਿਹਮਾਜਰੀ ਸਾਡੇ ਲਈ ਸਤਿਕਾਰ ਹੈ , ਸੰਵੇਦਨਾ ਹੈ ਅਤੇ ਮਨੁੱਖ ਦੀ ਸਹਿਹੋਂਦ ਦਾ ਸਬੂਤ ਹੈ। ਆਪ ਜੀ ਦਾ ਜੀਵਨ ਸਾਡੇ ਲਈ ਉਪਨਿਸ਼ਦ {ਧਾਰਮਿਕ ਗ੍ਰੰਥ} ਵਰਗਾ ਸੰਦੇਸ਼ ਹੈ। ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਪੰਜਾਬੀਆਂ ਦੀ ਜਿਉਂਦੀ ਜਾਗਦੀ ਸੋਹਣੀ ਤਸਵੀਰ ਤੇ ਤਾਸੀਰ ਵਰਗੇ ਇਸ ਪਿਆਰੇ ਉੱਚੇ-ਸੁੱਚੇ ਅਦੀਬ ਦੀ ਉਮਰ ਬਹੁਤ ਲੰਮੀ ਨਰੋਈ ਤੇ ਖੂਬਸੂਰਤ ਰਚਨਾਵਾਂ ਭਰੀ ਹੋਵੇ।

Leave a Reply

Your email address will not be published. Required fields are marked *