** ਕਿਹਾ ਪੁਰਖਿਆਂ ਦੀਆਂ ਸਿਖਿਆਵਾਂ ਤੇ ਚੱਲਣ ਦੀ ਲੋੜ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਅਕਸ਼ੈ ਤ੍ਰਿਤੀਆ ਦੇ ਪਵਿੱਤਰ ਤਿਉਹਾਰ ਮੌਕੇ ਸੁਨਾਮ ਸ਼ਹਿਰ ਦੇ ਪ੍ਰਾਚੀਨ ਸਤੀ ਸ਼ਿਵਾਲਾ ਮੰਦਿਰ ਵਿਖੇ ਮੰਦਿਰ ਕਮੇਟੀ ਦੇ ਪ੍ਰਧਾਨ ਠੇਕੇਦਾਰ ਨਰਿੰਦਰ ਸਿੰਘ ਕਣਕਵਾਲ ਦੀ ਅਗਵਾਈ ਹੇਠ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਭਗਵਾਨ ਪਰਸ਼ੂਰਾਮ ਜੀ ਦੀ ਤਸਵੀਰ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕੋਰ ਕਮੇਟੀ ਮੈਂਬਰ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਬਹਾਦਰੀ, ਸਾਹਸ ਅਤੇ ਦੂਰਅੰਦੇਸ਼ੀ ਦੇ ਬੇਮਿਸਾਲ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਧਰਤੀ ‘ਤੇ ਅਧਰਮ ਅਤੇ ਅੱਤਿਆਚਾਰ ਵਧਿਆ, ਭਗਵਾਨ ਪਰਸ਼ੂਰਾਮ ਨੇ ਸ਼ਸਤਰ ਚੁੱਕ ਕੇ ਸਮਾਜ ਵਿਰੋਧੀ ਤਾਕਤਾਂ ਦਾ ਵਿਨਾਸ਼ ਕੀਤਾ ਅਤੇ ਧਰਮ ਦੀ ਮੁੜ ਸਥਾਪਨਾ ਕੀਤੀ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਨਿਆਂ ਦੀ ਰੱਖਿਆ ਲਈ ਗਿਆਨ ਅਤੇ ਸ਼ਕਤੀ ਦੋਵਾਂ ਦਾ ਤਾਲਮੇਲ ਜ਼ਰੂਰੀ ਹੈ। ਸ਼ਾਸਤਰ ਅਤੇ ਸ਼ਸਤਰ ਦੇ ਗਿਆਤਾ
ਭਗਵਾਨ ਪਰਸ਼ੂਰਾਮ ਬਾਰੇ ਵਿਸਥਾਰ ਵਿੱਚ ਦੱਸਦਿਆਂ ਬੁਲਾਰਿਆਂ ਨੇ ਕਿਹਾ ਕਿ ਉਹ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਮੰਨੇ ਜਾਂਦੇ ਹਨ, ਜੋ ‘ਸ਼ਾਸਤਰ’ (ਵੇਦਾਂ ਦੇ ਗਿਆਨ) ਅਤੇ ‘ਸ਼ਸਤਰ’ (ਯੁੱਧ ਕਲਾ) ਦੋਵਾਂ ਵਿੱਚ ਨਿਪੁੰਨ ਸਨ। ਉਨ੍ਹਾਂ ਦਾ ਜੀਵਨ ਅਨੁਸ਼ਾਸਨ ਅਤੇ ਸੰਕਲਪ ਦੀ ਪ੍ਰੇਰਨਾ ਦਿੰਦਾ ਹੈ। ਉਹ ਅਮਰ ਹਨ ਅਤੇ ਅੱਜ ਵੀ ਸਮਾਜ ਨੂੰ ਸੱਚ ਦੇ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ।
ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੌਰਾਨ ਮੰਦਿਰ ਦਾ ਵਿਹੜਾ ਭਗਵਾਨ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਇਸ ਮੌਕੇ ਮੁੱਖ ਤੌਰ ਪ੍ਰਧਾਨ ਠੇਕੇਦਾਰ ਨਰਿੰਦਰ ਸਿੰਘ ਕਣਕਵਾਲ , ਗੋਪਾਲ ਸ਼ਰਮਾ, ਰਮੇਸ਼ ਠੇਕੇਦਾਰ, ਮੇਘ ਰਾਜ ਛਾਜਲੀ, ਨਰਿੰਦਰਪਾਲ ਸ਼ਰਮਾ, ਸੁਨੀਤਾ ਸ਼ਰਮਾ, ਭਰਤ ਭਾਰਦਵਾਜ, ਵਿਕਰਮ ਸ਼ਰਮਾ, ਡਾਕਟਰ ਅਰਵਿੰਦਰ ਪਾਲ ਸ਼ਰਮਾ, ਜਨਕ ਰਾਜ, ਸੁਖਵੀਰ ਕੌਸ਼ਲ ਖੂੰਡੇਵਾਲਾ , ਬੇਅੰਤ ਸਿੰਘ ਰੂਪਰਾਏ ਸਮੇਤ ਵੱਡੀ ਗਿਣਤੀ ਵਿੱਚ ਬਿਰਾਦਰੀ ਦੇ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਸਨ। ਮੰਦਿਰ ਕਮੇਟੀ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।