Headlines

ਵਿਸ਼ਵ ਵਾਤਾਵਰਨ ਦਿਵਸ ਮੌਕੇ ਪੀ.ਏ.ਯੂ.-ਕੇ.ਵੀ.ਕੇ., ਸੰਗਰੂਰ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਦਾ ਸੁਨੇਹਾ ਦਿੱਤਾ

ਸੰਗਰੂਰ, 05 ਜੂਨ Bol Punjab De, Buero 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਵਾਤਾਵਰਨ ਸੰਭਾਲ ਅਤੇ ਕੁਦਰਤੀ ਖੇਤੀ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਸਾਨਾਂ ਅਤੇ ਕਿਸਾਨ ਬੀਬੀਆਂ ਨਾਲ ਮਿਲ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ।

ਇਸ ਮੌਕੇ ਸੰਬੋਧਨ ਕਰਦਿਆਂ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਰੱਖਿਆ ਕਰਨ ਅਤੇ ਵਾਤਾਵਰਨ ਸੰਤੁਲਨ ਬਣਾਈ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਖੇਤੀ ਵਿੱਚ ਪਾਣੀ, ਮਿੱਟੀ ਅਤੇ ਹੋਰ ਖੇਤੀ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਅਤੇ ਵਾਤਾਵਰਨ-ਪੱਖੀ ਖੇਤੀ ਤਰੀਕੇ ਅਪਣਾਉਣ ਲਈ ਜਾਗਰੂਕ ਕੀਤਾ। ਉਹਨਾਂ ਕਿਸਾਨਾਂ ਨੂੰ ਕਾਰਬਨ ਕ੍ਰੈਡਿਟ ਸਕੀਮ ਦੇ ਫਾਇਦਿਆਂ ਅਤੇ ਕੁਦਰਤੀ ਖੇਤੀ ਦੇ ਤਰੀਕਿਆਂ ਨਾਲ ਆਮਦਨ ਦੇ ਨਵੇਂ ਮੌਕੇ ਜੁਟਾਉਣ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਫਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਅਤੇ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਤਾਂ ਜੋ ਰਸਾਇਣਕ ਖੇਤੀ ‘ਤੇ ਨਿਰਭਰਤਾ ਘਟਾਈ ਜਾ ਸਕੇ ਅਤੇ ਖਾਦਾਂ ‘ਤੇ ਆਉਣ ਵਾਲਾ ਖਰਚਾ ਬਚਾਇਆ ਜਾ ਸਕੇ।

ਡਾ. ਵਿਤਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਵਾਤਾਵਰਨ ਪ੍ਰਦੂਸ਼ਣ, ਜਲਵਾਯੂ ਪਰਿਵਰਤਨ ਅਤੇ ਖੇਤੀ ਰਸਾਇਣਾਂ ਦੀ ਜ਼ਿਆਦਾ ਵਰਤੋਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਦੱਸਿਆ। ਉਹਨਾਂ ਫਸਲੀ ਵਿਭਿੰਨਤਾ, ਪਾਣੀ ਦੀ ਕੁਸ਼ਲ ਵਰਤੋਂ, ਸੰਤੁਲਿਤ ਪੋਸ਼ਕ ਤੱਤ ਪ੍ਰਬੰਧਨ ਅਤੇ ਫਸਲਾਂ ਦੀ ਰਹਿੰਦ ਖੂਹੰਦ ਦੇ ਸਹੀ ਪ੍ਰਬੰਧਨ ਨੂੰ ਟਿਕਾਊ ਖੇਤੀ ਵਿਕਾਸ ਲਈ ਮੁੱਖ ਕਦਮ ਦੱਸਿਆ।

ਪ੍ਰੋਗਰਾਮ ਦੇ ਅੰਤ ਵਿੱਚ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਅਤੇ ਰੋਜ਼ਾਨਾ ਜੀਵਨ ਵਿੱਚ ਵਾਤਾਵਰਨ-ਪੱਖੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦਾ ਸਮੂਹਿਕ ਪ੍ਰਣ ਲਿਆ ਗਿਆ। 

ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਕਿਸਾਨੀ ਭਾਈਚਾਰੇ ਨੂੰ ਵਧੇਰੇ ਹਰੇ-ਭਰੇ ਅਤੇ ਟਿਕਾਊ ਖੇਤੀ ਵੱਲ ਪ੍ਰੇਰਿਤ ਕਰਨ ਲਈ ਪੀ.ਏ.ਯੂ.-ਕੇ.ਵੀ.ਕੇ., ਸੰਗਰੂਰ ਦੀ ਟੀਮ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *