** ਸਾਬਕਾ ਕੌਂਸਲ ਪ੍ਰਧਾਨ ਦੀ ਪਤਨੀ ਨੂੰ ਹਰਾਇਆ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ, ਸਥਾਨਕ ਸ਼ਹਿਰ ਦੇ ਵਾਰਡ ਨੰਬਰ 7 ਤੋਂ ਜਸਵਿੰਦਰ ਕੌਰ ਹਾਂਡਾ ਲਗਾਤਾਰ ਦੂਜੀ ਵਾਰ ਕੌਂਸਲਰ ਬਣੇ ਹਨ। ਉਨ੍ਹਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀ ਪਤਨੀ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜੇਤੂ ਰਹੀ ਜਸਵਿੰਦਰ ਕੌਰ ਹਾਂਡਾ ਦੇ ਪਤੀ ਚਮਕੌਰ ਸਿੰਘ ਹਾਂਡਾ ਨੇ ਆਖਿਆ ਕਿ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਦੇ ਵੋਟਰਾਂ ਨੇ ਉਨ੍ਹਾਂ ਨੂੰ ਮੁੜ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਆਸ਼ੀਰਵਾਦ ਅਤੇ ਸਮਰਥਨ ਨਾਲ ਵਾਰਡ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇੰਟਰਲਾਕਿੰਗ ਟਾਈਲਾਂ ਦੀ ਨਾਲ ਗਲੀਆਂ ਨੂੰ ਪੱਕਾ ਕੀਤਾ ਗਿਆ ਹੈ। ਹਰੇਕ ਗਲੀ ਅਤੇ ਮੁਹੱਲੇ ਵਿੱਚ ਮਜ਼ਬੂਤ ਸੈਨੀਟੇਸ਼ਨ ਪ੍ਰਣਾਲੀ ਬਣਾਈ ਰੱਖੀ, ਹਮੇਸ਼ਾ ਆਪਣੇ ਵਾਰਡ ਦੇ ਲੋਕਾਂ ਦੀ ਮੰਗ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਵਾਰਡ ਦੀ ਤਰੱਕੀ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹਿਰ ਦੇ ਵਿਕਾਸ ਲਈ ਯਤਨ ਕੀਤੇ ਹਨ ਅਤੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਵਾਰਡ ਦੇ ਬਸ਼ਿੰਦਿਆਂ ਵੱਲੋਂ ਕੌਂਸਲਰ ਜਸਵਿੰਦਰ ਕੌਰ ਹਾਂਡਾ ਨੂੰ ਸਨਮਾਨਿਤ ਕੀਤਾ ਗਿਆ ਹੈ।