— ਕੈਮਿਸਟ 20 ਨੂੰ ਕਰਨਗੇ ਮੁਕੰਮਲ ਹੜਤਾਲ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਜ਼ਿਲ੍ਹਾ ਸੰਗਰੂਰ ਕੈਮਿਸਟ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਦਵਾਈ ਵਿਕਰੇਤਾਵਾਂ ਦੀਆਂ ਭਖਦੀਆਂ ਮੁਸ਼ਕਲਾਂ ‘ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ 20 ਮਈ 2026 (ਬੁੱਧਵਾਰ) ਨੂੰ ਜ਼ਿਲ੍ਹੇ ਦੀਆਂ ਸਾਰੀਆਂ ਕੈਮਿਸਟ ਦੀਆਂ ਦੁਕਾਨਾਂ ਮੁਕੰਮਲ ਤੌਰ ‘ਤੇ ਬੰਦ ਰਹਿਣਗੀਆਂ। ਐਸੋਸੀਏਸ਼ਨ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜਿਹੜਾ ਦੁਕਾਨਦਾਰ ਹੜਤਾਲ ਦੀ ਉਲੰਘਣਾ ਕਰਕੇ ਦੁਕਾਨ ਖੋਲ੍ਹੇਗਾ, ਭਵਿੱਖ ਵਿੱਚ ਕਿਸੇ ਵੀ ਸਮੱਸਿਆ ਵੇਲੇ ਜਥੇਬੰਦੀ ਉਸ ਦਾ ਸਾਥ ਨਹੀਂ ਦੇਵੇਗੀ।
ਆਲ ਇੰਡੀਆ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ‘ਤੇ ਕੀਤੀ ਜਾ ਰਹੀ ਇਸ ਹੜਤਾਲ ਰਾਹੀਂ ਕੈਮਿਸਟਾਂ ਨੇ ਮੁੱਖ ਤੌਰ ‘ਤੇ ਪੰਜ ਮੰਗਾਂ ਉਠਾਉਂਦਿਆਂ ਕਿਹਾ ਕਿ ਦਵਾਈਆਂ ਦੀ ਆਨਲਾਈਨ ਵਿਕਰੀ ਰੋਕਣ ਲਈ ਸਰਕਾਰ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ ਤਾਂ ਜੋ ਡੁਪਲੀਕੇਟ ਦਵਾਈਆਂ ਦੀ ਵਿਕਰੀ ਨੂੰ ਰੋਕਿਆ ਜਾਵੇ। ਸਰਕਾਰ ਦੇ ਡਰੱਗ ਲਾਇਸੰਸ ਪੋਰਟਲ ਦੀਆਂ ਗਲਤੀਆਂ ਨੂੰ ਤੁਰੰਤ ਠੀਕ ਕੀਤਾ ਜਾਵੇ। ਕੈਮਿਸਟਾਂ ‘ਤੇ ਜ਼ਬਰੀ ਥੋਪੀ ਗਈ ਸ਼ਡਿਊਲ ਐਚ 1 ਰਜਿਸਟਰ ਦੀ ਸ਼ਰਤ ਤੁਰੰਤ ਰੱਦ ਕੀਤੀ ਜਾਵੇ। ਮੀਟਿੰਗ ਵਿੱਚ ਸਕੱਤਰ ਰਾਜੀਵ ਜੈਨ, ਕੈਸ਼ੀਅਰ ਸਤੀਸ਼ ਸਿੰਗਲਾ, ਸ਼ਸ਼ੀ ਭੂਸ਼ਣ, ਵਿਨੋਦ ਹੈਪੀ, ਸੰਜੇ, ਪਰਮਿੰਦਰ, ਸਤਿੰਦਰ ਸੋਨੀ, ਬਾਰੂ ਸੈਣੀ, ਕੌਰ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਬਬਲਾ, ਵਨੀਤ ਜਿੰਦਲ, ਯੁਗੇਸ਼ ਚੋਪੜਾ, ਅਜੈਬ ਸੈਣੀ, ਦੀਪਕ ਮਿੱਤਲ, ਤਰਲੋਕ ਗੋਇਲ ਅਤੇ ਵਿਨੋਦ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਦਵਾਈ ਵਿਕਰੇਤਾ ਹਾਜ਼ਰ ਸਨ। ਸਾਰੀਆਂ ਇਕਾਈਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਹੱਕਾਂ ਦੀ ਲੜਾਈ ਲਈ 20 ਮਈ ਨੂੰ ਚੱਕਾ ਜਾਮ ਰੱਖਿਆ ਜਾਵੇਗਾ।