*ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਜਿੱਤਵਾਲ ਖੁਰਦ ਵਿਖੇ ਲਗਾਇਆ ਕੈਂਪ*
ਸੰਗਰੂਰ, 29 ਅਪ੍ਰੈਲ Bol Punjab De, Buero
ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਦੇਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਮਿੱਟੀ ਪਰਖ ਕਰਵਾਕੇ ਖਾਦਾਂ ਪਾਉਣ ਅਤੇ ਫਾਸਫੋਰਸ ਖਾਦ ਦੇ ਸੁਚੱਜੇ ਪ੍ਰਬੰਧਨ ਸਬੰਧੀ ਪਿੰਡ ਜਿੱਤਵਾਲ ਖੁਰਦ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੀ ਪ੍ਰਧਾਨਗੀ ਕਰਦੇ ਹੋਏ, ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ਤੇ ਹੀ ਖਾਦਾਂ ਪਾਉਣ ਲਈ ਪ੍ਰੇਰਦੇ ਹੋਏ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨਾਲ ਜਿੱਥੇ ਖੇਤੀ ਖਰਚੇ ਘਟਣਗੇ ਉੱਥੇ ਝਾੜ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇ ਮੌਕੇ ‘ਤੇ ਮਿੱਟੀ ਪਰਖ ਕਰਾਉਣ ਲਈ ਨਮੂਨਾ ਲੈਣ ਦੇ ਢੰਗ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਮੌਕੇ ਤੇ ਹੀ ਮਿੱਟੀ ਦਾ ਨਮੂਨਾ ਲੈ ਕੇ ਦਿਖਾਇਆ। ਕਿਸਾਨਾਂ ਨੂੰ ਯੂਰੀਆ ਖਾਦ ਦੀ ਸੰਜਮ ਨਾਲ ਵਰਤੋਂ ਅਤੇ ਕਈ ਥੈਲੇ ਇੱਕੋ ਸਮੇਂ ਤੇ ਵਰਤਣ ਤੋਂ ਗੁਰੇਜ ਕਰਨ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਵੀਰ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਸਿਫਾਰਿਸ਼ ਕੀਤੀ ਪੂਰੀ ਮਾਤਰਾ ਹੀ ਪਾਉਣ। ਜੈਵਿਕ ਖਾਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਝੋਨੇ ਦੀ ਪੌਦ ਨੂੰ ਲੱਗਣ ਵਾਲਾ ਐਜ਼ੋਸਪਾਇਰਲਮ ਦਾ ਟੀਕਾ ਜਿੱਥੇ ਝਾੜ ਵਧਾਉਣ ਵਿੱਚ ਸਹਾਈ ਹੁੰਦਾ ਹੈ ਉੱਥੇ ਜ਼ਮੀਨ ਦੀ ਜੈਵਿਕ ਸਿਹਤ ਨੂੰ ਵੀ ਸੁਧਾਰਦਾ ਹੈ।
ਡਾ. ਗਰਗ ਨੇ ਪੀ.ਏ.ਯੂ. ਵੱਲੋਂ ਸਿਫਾਰਸ਼ ਕਿਸਮਾਂ ਜਿਵੇਂ ਕਿ ਪੀ ਆਰ 131, ਪੀ ਆਰ 132, ਪੀ ਆਰ 126 ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਉਹਨਾਂ ਨੇ ਨਵੀਂ ਕਿਸਮ ਪੀ ਆਰ 133 ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਿਸਮ ਲੁਆਈ ਤੋਂ ਬਾਅਦ ਲਗਭਗ 111 ਦਿਨਾਂ ਵਿੱਚ ਪੱਕ ਜਾਂਦੀ ਹੈ । ਬਾਸਮਤੀ ਵਿੱਚ ਪੂਸਾ ਬਾਸਮਤੀ 1509 ਅਤੇ 1847 ਵਿੱਚ ਖਾਦਾਂ ਦੀ ਲੋੜ ਅਤੇ ਝੰਡਾ ਰੋਗ ਦੀ ਰੋਕਥਾਮ ਲਈ ਬੀਜ ਸੋਧ ਬਾਰੇ ਵਿਸਥਾਰਪੂਰਵਕ ਚਰਚਾ ਹੋਈ।
ਪਿੰਡ ਦੇ ਅਗਾਂਹਵਧੂ ਕਿਸਾਨ ਸ. ਪਰਮਿੰਦਰ ਸਿੰਘ, ਜਗਜੀਤ ਸਿੰਘ, ਪ੍ਰਧਾਨ, ਸੰਦੀਪ ਸਿੰਘ ਅਤੇ ਹੋਰ ਕਿਸਾਨ ਵੀਰਾਂ ਨੇ ਕੈਂਪ ਨੂੰ ਆਯੋਜਿਤ ਕਰਨ ਵਿੱਚ ਪੂਰਾ ਯੋਗਦਾਨ ਪਾਇਆ। ਅੰਤ ਵਿੱਚ ਕਿਸਾਨ ਵੀਰਾਂ ਲਈ ਪੀ.ਏ.ਯੂ. ਲੁਧਿਆਣਾ ਵਲੋਂ, ਪੀ ਆਰ 126 ਦਾ ਬੀਜ, ਬਾਈਪਾਸ ਫੈਟ, ਖੇਤੀ ਸਾਹਿਤ ਦੀ ਵਿੱਕਰੀ ਵੀ ਕੀਤੀ ਗਈ। ਕਿਸਾਨਾਂ ਦੁਆਰਾ ਉਠਾਏ ਗਏ ਬਹੁਤ ਸਾਰੇ ਸਵਾਲਾਂ ਦੇ ਜਵਾਬ ਬਾਖੂਬੀ ਤਰਤੀਬ-ਬੱਧ ਤਰੀਕੇ ਨਾਲ ਦਿੱਤੇ ਗਏ।ਕਿਸਾਨਾਂ ਵਲੋਂ ਮਿੱਟੀ ਪਰਖ ਕਰਵਾਉਣ ਲਈ ਹਾਮੀ ਵੀ ਭਰੀ ਗਈ।