** ਪੁਲਿਸ ਨੇ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਰਵਾਇਆ ਚਾਲੂ
** ਸ਼ਹੀਦ ਊਧਮ ਸਿੰਘ ਮਾਰਗ ਦਰਸਾਉਂਦਾ ਬੋਰਡ ਟੁੱਟਿਆ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ ** ਲੰਘੀ ਰਾਤ ਸੁਨਾਮ ਇਲਾਕੇ ਅੰਦਰ ਆਈ ਤੇਜ਼ ਰਫ਼ਤਾਰ ਹਨੇਰੀ ਅਤੇ ਝੱਖੜ ਨੇ ਬਿਜਲੀ ਦੇ ਖੰਭਿਆਂ ਤੋਂ ਇਲਾਵਾ ਦਰਖ਼ਤ ਵੀ ਟੁੱਟਕੇ ਸੜਕਾਂ ਤੇ ਡਿੱਗਣ ਕਾਰਨ ਟ੍ਰੈਫਿਕ ਵਿੱਚ ਵਿਘਨ ਪਿਆ ਰਿਹਾ। ਤੇਜ਼ ਮੀਂਹ ਦੇ ਨਾਲ ਚੱਲੀ ਤੇਜ਼ ਹਨੇਰੀ ਅਤੇ ਝੱਖੜ ਕਾਰਨ ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਗੁੱਲ ਹੋ ਗਈ ਉੱਥੇ ਹੀ ਸੈਂਕੜਿਆਂ ਦੀ ਗਿਣਤੀ ਵਿਚ ਦਰੱਖਤ ਡਿੱਗ ਗਏ। ਸੁਨਾਮ-ਪਟਿਆਲਾ ਸੜਕ ‘ਤੇ ਮਹਿਲਾਂ ਚੌਂਕ ਨੇੜੇ ਲੱਗੇ ਸ਼ਹੀਦ ਊਧਮ ਸਿੰਘ ਮਾਰਗ ਨੂੰ ਦਰਸਾਉਂਦਾ ਸਾਈਨ ਬੋਰਡ ਡਿੱਗਣ ਕਾਰਨ ਸੜਕ ਤੇ ਵਾਹਨਾਂ ਦਾ ਜਾਮ ਵੀ ਲੱਗ ਗਿਆ।ਜਿਸ ਕਾਰਨ ਵਾਹਨਾਂ ਦੀਆਂ ਦੋਵੇਂ ਪਾਸੇ ਲੰਮੀਆਂ ਲਾਈਨਾਂ ਲੱਗ ਗਈਆਂ।ਇਤਲਾਹ ਮਿਲਣ ਤੇ ਪੁਲਿਸ ਚੌਂਕੀ ਮਹਿਲਾਂ ਚੌਂਕ ਦੇ ਇੰਚਾਰਜ ਸਬ-ਇੰਸਪੈਕਟਰ ਬਲਕਾਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਕਰੀਬ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸਥਾਨਕ ਲੋਕਾਂ ਅਤੇ ਰਾਹਗੀਰਾਂ ਦੀ ਮੱਦਦ ਦੇ ਨਾਲ ਟ੍ਰੈਫਿਕ ਚਾਲੂ ਕਰਵਾਇਆ ਗਿਆ। ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।ਬਿਜਲੀ ਬੰਦ ਹੋਣ ਕਾਰਨ ਲੋਕ ਸਾਰੀ ਰਾਤ ਪ੍ਰੇਸ਼ਾਨ ਹੁੰਦੇ ਰਹੇ।ਭਾਵੇਂ ਪਾਵਰਕਾਮ ਦੇ ਅਧਿਕਾਰੀ ਅਤੇ ਕਰਮਚਾਰੀ ਬਿਜਲੀ ਸਪਲਾਈ ਚਾਲੂ ਕਰਨ ਲਈ ਜੁਟੇ ਹੋਏ ਹਨ ਪਰ ਜਿਸ ਤਰ੍ਹਾਂ ਹਨੇਰੀ ਝੱਖੜ ਨਾਲ ਪਾਵਰਕਾਮ ਦਾ ਨੁਕਸਾਨ ਹੋਇਆ ਲੱਗਦਾ ਹੈ।ਉਸ ਤੋਂ ਤਾਂ ਜਾਪਦਾ ਹੈ ਕਿ ਅੱਜ ਦੁਪਹਿਰ ਤੱਕ ਸ਼ਹਿਰ ਸਮੇਤ ਇਲਾਕੇ ਵਿਚ ਨਿਰਵਿਘਨ ਬਿਜਲੀ ਸਪਲਾਈ ਮਿਲ ਸਕਦੀ ਹੈ। ਦੱਸ ਦੇਈਏ ਸੁਨਾਮ ਲਹਿਰਾ ਮੁੱਖ ਸੜਕ ਤੇ ਵੱਡੀ ਗਿਣਤੀ ਵਿੱਚ ਦਰਖ਼ਤ ਸੜਕਾਂ ਤੇ ਡਿੱਗ ਗਏ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਸੋਸ਼ਲ ਮੀਡੀਆ ਤੇ ਸੁਨੇਹਾ ਦੇਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।