• ਸ਼ਰਾਬ ਜਾਂ ਨਸ਼ਾ ਪ੍ਰਕਿਰਤੀ ਵਾਲੀ ਵਸਤੂ ਦੀ ਵਿੱਕਰੀ ਤੇ ਰਹੇਗੀ ਪਾਬੰਦੀ
ਮਾਲੇਰਕੋਟਲਾ 23 ਮਈ Bol Punjab De, Buero
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਚੋਣਾਂ ਵਾਲੇ ਦਿਨ 26 ਮਈ, ਮੰਗਲਵਾਰ ਨੂੰ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਏਰੀਏ ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਹੈ।
ਇਨ੍ਹਾਂ ਹੁਕਮਾਂ ਤਹਿਤ ਡਰਾਈ ਡੇਅ ਵਾਲੇ ਦਿਨ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਏਰੀਏ ਵਿੱਚ ਕਿਸੇ ਹੋਟਲ, ਅਹਾਤੇ, ਦੁਕਾਨ, ਠੇਕੇ ਜਾਂ ਕਿਸੇ ਹੋਰ ਜਗ੍ਹਾ ਸ਼ਰਾਬ ਜਾਂ ਨਸ਼ਾ ਕਰਨ ਵਾਲੀ ਸਮਾਨ ਪ੍ਰਕਿਰਤੀ ਦਾ ਕੋਈ ਹੋਰ ਪਦਾਰਥ ਵੇਚਿਆ, ਦਿੱਤਾ ਜਾਂ ਵੰਡਿਆ ਨਹੀਂ ਜਾਵੇਗਾ। ਇਨ੍ਹਾਂ ਹੁਕਮਾਂ ਤਹਿਤ ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟਾਂ ਆਦਿ ਅਤੇ ਕਿਸੇ ਵੀ ਵਿਅਕਤੀ ਦੁਆਰਾ ਚਲਾਏ ਜਾਂਦੇ ਹੋਟਲ, ਭਾਵੇਂ ਉਨ੍ਹਾਂ ਨੂੰ ਸ਼ਰਾਬ ਰੱਖਣ ਅਤੇ ਸਪਲਾਈ ਕਰਨ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲਾਇਸੈਂਸ ਜਾਰੀ ਕੀਤੇ ਗਏ ਹੋਣ, ਨੂੰ ਵੀ ਇਸ ਦਿਨ ਸ਼ਰਾਬ ਵੇਚਣ ਦੀ ਆਗਿਆ ਨਹੀਂ ਹੋਵੇਗੀ। ਆਬਕਾਰੀ ਕਾਨੂੰਨ ਤਹਿਤ ਬਿਨਾਂ ਲਾਇਸੈਂਸ ਦੇ ਪਰਮਿਟਾਂ ‘ਤੇ ਸ਼ਰਾਬ ਦੇ ਭੰਡਾਰਨ ‘ਤੇ ਪਾਬੰਦੀਆਂ ਸਖ਼ਤੀ ਨਾਲ ਲਾਗੂ ਕੀਤੀਆਂ ਜਾਣਗੀਆਂ।