Bol Punjab De,Buero:
ਸੰਗਰੂਰ, 30 ਮਾਰਚ ।

ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 5 ਅਪ੍ਰੈਲ ਦਿਨ ਐਤਵਾਰ ਨੂੰ ਸਵੇਰ 10:00 ਵਜੇ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਹੋ ਰਿਹਾ ਹੈ। ਇਸ ਸਮਾਗਮ ਵਿੱਚ ਨਾਮਵਰ ਲੇਖਿਕਾ ਹਰਦੀਪ ਬਾਵਾ ਦੇ ਚਰਚਿਤ ਨਾਵਲ ‘ਇੱਕ ਹੋਰ ਰੇਪ ਕੇਸ’ ਉੱਪਰ ਗੋਸ਼ਟੀ ਕਰਵਾਈ ਜਾਵੇਗੀ, ਜਿਸ ਦੀ ਪ੍ਰਧਾਨਗੀ ਸਿਰਮੌਰ ਪੰਜਾਬੀ ਸਾਹਿਤਕਾਰ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਕਰਨਗੇ। ਪੁਸਤਕ ਸਬੰਧੀ ਪਰਚੇ ਡਾ. ਕਰਮਵੀਰ ਕੌਰ ਅਤੇ ਡਾ. ਦੇਵਿੰਦਰ ਕੌਰ ਐਡਵੋਕੇਟ ਪੜ੍ਹਨਗੇ।
ਨਾਵਲ ਸਬੰਧੀ ਵਿਚਾਰ-ਚਰਚਾ ਵਿੱਚ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ. ਮੀਤ ਖਟੜਾ, ਤੇਜਾ ਸਿੰਘ ਤਿਲਕ ਅਤੇ ਜਸਵਿੰਦਰ ਪੰਜਾਬੀ ਹਿੱਸਾ ਲੈਣਗੇ। ਇਸ ਨਾਵਲ ਤੋਂ ਪਹਿਲਾਂ ਹਰਦੀਪ ਬਾਵਾ ਦੀ ਕਲਮ ਤੋਂ ਇੱਕ ਕਾਵਿ-ਸੰਗ੍ਰਹਿ ‘ਮਨ ਦੇ ਸਫ਼ੇ ਤੋਂ’, ਇੱਕ ਨਾਵਲ ‘ਵੇਸਵਾ ਨਹੀਂ ਹਾਂ ਮੈਂ’ ਅਤੇ ਇੱਕ ਸੰਪਾਦਿਤ ਸੰਗ੍ਰਹਿ ‘ਨਾ ਨਰ ਨਾ ਨਾਰੀ’ ਪ੍ਰਕਾਸ਼ਿਤ ਹੋ ਚੁੱਕੇ ਹਨ।
ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਵਿਸਾਖੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ।