ਕਿਹਾ, ਵਿਕਾਸ ਦੇ ਪ੍ਰੋਗਰਾਮ ਉਲੀਕਣ ਦੀ ਥਾਂ ਨਿੱਜੀ ਕਿੜਾਂ ਕੱਢਣ ਵਿਚ ਲੱਗੀਆਂ ਸਿਆਸੀ ਪਾਰਟੀਆਂ
ਅਸ਼ਰਫ ਅਨਸਾਰੀ, ਮਾਲੇਰਕੋਟਲਾ, 15 ਅਪ੍ਰੈਲ Bol Punjab De, Buero
ਮਾਲੇਰਕੋਟਲਾ ਹਲਕੇ ਦੀ ਸਿਆਸਤ ਮੁੱਦਾ-ਹੀਣ ਹੋ ਚੁੱਕੀ ਹੈ ਅਤੇ ਇਥੋਂ ਦੇ ਸਿਆਸਤਦਾਨ ਸ਼ਹਿਰ ਦੇ ਵਿਕਾਸ ਸਬੰਧੀ ਗੰਭੀਰ ਨਹੀਂ ਹਨ। ਸਿਆਸਤਦਾਨਾਂ ਨੂੰ ਲੋਕਾਂ ਦੀ ਫ਼ਿਕਰ ਘੱਟ ਹੈ ਜਦਕਿ ਅਪਣੇ ਨਿੱਜੀ ਮੁਫ਼ਾਦਾਂ ਦੀ ਚਿੰਤਾ ਜ਼ਿਆਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਖੰਨਾ ਰੋਡ ਉਤੇ ਸਥਿਤ ਇਕ ਵਰਕਸ਼ਾਪ ਵਿਚ ਇਕੱਤਰ ਹੋਏ ਸੈਂਕੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮਲੇਰਕੋਟਲਾ ਹਲਕਾ ਵਿਕਾਸ ਪੱਖੋਂ ਪੂਰੀ ਤਰ੍ਹਾਂ ਪੱਛੜ ਚੁੱਕਾ ਹੈ ਕਿਉਂਕਿ ਕਿਸੇ ਵੀ ਪਾਰਟੀ ਨੂੰ ਹਲਕੇ ਦੇ ਵਿਕਾਸ ਦੀ ਚਿੰਤਾ ਨਹੀਂ ਹੈ, ਸਗੋਂ ਆਗੂ ਨਿੱਜੀ ਮੁਫ਼ਾਦਾਂ ਨੂੰ ਮੁੱਖ ਰੱਖ ਰਹੇ ਹਨ ਅਤੇ ਛੋਟੀਆਂ-ਛੋਟੀਆਂ ਆਪਸੀ ਲੜਾਈਆਂ ਵਿਚ ਉਲਝੇ ਹੋਏ ਹਨ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਮਾਲੇਰਕੋਟਲਾ ਦਾ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੀ ਕੀਤਾ ਹੈ। ਉਨ੍ਹਾਂ ਹਲਕਾ ਵਾਸੀਆਂ ਨੂੰ ਸੱਦਾ ਦਿਤਾ ਕਿ ਜੇ ਹਲਕੇ ਦਾ ਵਿਕਾਸ ਕਰਾਉਣਾ ਹੈ ਤਾਂ ਅਪਣੀ ਖੇਤਰੀ ਪਾਰਟੀ ਸ਼ੋ੍ਮਣੀ ਅਕਾਲੀ ਦਲ ਨਾਲ ਜੁੜਨਾ ਪਵੇਗਾ ਕਿਉਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਹਮੇਸ਼ਾ ਰਿਸ਼ਵਤਖੋਰੀ ਅਤੇ ਗੁੰਡਾਗਰਦੀ ਵਿਚ ਇਜ਼ਾਫ਼ਾ ਕੀਤਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਸਪੱਸ਼ਟ ਕੀਤਾ ਕਿ ਇਸ ਵੇਲੇ ਸਮੁੱਚੇ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਤੋਂ ਛੁਟਕਰਾ ਚਾਹੁੰਦੇ ਹਨ ਅਤੇ ਅਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਖਣਾ ਚਾਹੁੰਦੇ ਹਨ। ਪਿੰਡਾਂ ਅਤੇ ਸ਼ਹਿਰਾਂ ਅੰਦਰ ਅਕਾਲੀ ਦਲ ਦੀ ਲਹਿਰ ਚੱਲ ਰਹੀ ਹੈ। ਲੋਕ ਬੇਸਬਰੀ ਨਾਲ 2027 ਨੂੰ ਉਡੀਕ ਰਹੇ ਹਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਝਾੜੂ ਸਰਕਾਰ ਹਰ ਫ਼ਰੰਟ ਉਤੇ ਫ਼ੇਲ੍ਹ ਹੋ ਚੁੱਕੀ ਹੈ। ਹਲਕੇ ਵਿਚ ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਬਹੁਤ ਬੁਰਾ ਹਾਲ ਹੈ। ਜਗ੍ਹਾ ਜਗ੍ਹਾ ਝੂਠੇ ਬੋਰਡ ਲਗਾਏ ਹੋਏ ਹਨ। ਨਾ ਦੱਸ ਲੱਖ ਰੁਪਏ ਦਾ ਸਿਹਤ ਬੀਮਾ ਹੋਇਆ ਹੈ ਅਤੇ ਨਾ ਹੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਮਿਲੇ ਹਨ ਪਰ ਸਰਕਾਰ ਨੇ ਸਾਰਾ ਸੂਬਾ ਬੋਰਡਾਂ ਨਾਲ ਭਰ ਦਿਤਾ ਹੈ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਪੰਚਾਇਤ ਸੰਮਤੀ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਹੋਈ ਹੈ, ਉਸੇ ਤਰ੍ਹਾਂ ਅਗਾਮੀ ਨਗਰ ਕੌਂਸਲ ਚੋਣਾਂ ਵਿਚ ਵੀ ਅਕਾਲੀ ਦਲ ਅਪਣਾ ਨਗਰ ਕੌਂਸਲ ਪ੍ਰਧਾਨ ਬਣਾਏਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਤੋਂ ਬਾਅਦ ਸ਼ਹਿਰ ਨੂੰ ਸਾਫ਼ ਸੁਥਰਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਥ ਸੁਥਰਾ ਪੀਣਯੋਗ ਪਾਣੀ ਮੁਹੱਈਆ ਕਰਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਆਜ਼ਾਦ ਸਿਦੀਕੀ, ਅਬੁਦਲ ਸੱਤਾਰ ਪੋਟਰ, ਬੀਬੀ ਅਕਬਰੀ ਬੇਗਮ ਅਤੇ ਹੋਰ ਕਈ ਅਕਾਲੀ ਆਗੂ ਹਾਜ਼ਰ ਸਨ।