Headlines

ਡਿਪਟੀ ਕਮਿਸ਼ਨਰ ਵੱਲੋਂ ਅਨਾਜ ਮੰਡੀ ਅਮਰਗੜ੍ਹ ਦਾ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

*ਕਿਸਾਨਾਂ ਲਈ ਸੁਚਾਰੂ, ਤੇਜ਼ ਅਤੇ ਮੁਸ਼ਕਲ-ਰਹਿਤ ਖਰੀਦ ਪ੍ਰਕਿਰਿਆ ਯਕੀਨੀ ਬਣਾਉਣ ਦੇ ਹਰ ਸੰਭਵ ਉਪਰਾਲੇ ਕੀਤੇ ਜਾਣ- ਡੀ.ਸੀ.

* ਮੰਡੀਆਂ ਵਿੱਚ ਸਫਾਈ, ਪਾਣੀ ਅਤੇ ਬੁਨਿਆਦੀ ਸਹੂਲਤਾਂ ‘ਤੇ ਖਾਸ ਜ਼ੋਰ

ਅਮਰਗੜ੍ਹ /ਮਾਲੇਰਕੋਟਲਾ, 14 ਅਪ੍ਰੈਲ :

ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਅਨਾਜ ਮੰਡੀ ਅਮਰਗੜ੍ਹ ਦਾ ਦੌਰਾ ਕਰਕੇ ਕਣਕ ਖਰੀਦ ਪ੍ਰਕਿਰਿਆ ਅਤੇ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ।

ਦੌਰੇ ਦੌਰਾਨ, ਉਨ੍ਹਾਂ ਮੰਡੀਆਂ ਵਿੱਚ ਕੀਤੇ ਗਏ ਪ੍ਰਬੰਧਾਂ ‘ਤੇ ਸੰਤੁਸ਼ਟੀ ਜਤਾਉਂਦੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਤੋਂ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਢੰਗ ਨਾਲ ਜਾਰੀ ਹੈ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਹਰ ਦਾਣਾ ਪਾਰਦਰਸ਼ੀ ਅਤੇ ਸੁਚਾਰੂ ਪ੍ਰਕਿਰਿਆ ਰਾਹੀਂ ਖਰੀਦਾ ਜਾ ਰਿਹਾ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਲਈ ਸਫਾਈ, ਪੀਣ ਵਾਲਾ ਪਾਣੀ, ਛਾਂ ਅਤੇ ਬੈਠਣ ਦੇ ਯੋਗ ਸਹੂਲਤਾਂ ਯਕੀਨੀ ਬਣਾਉਣ ਲਈ ਸਾਰੇ ਵਿਭਾਗਾਂ ਨੂੰ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਖਰੀਦ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ 41 ਅਨਾਜ ਮੰਡੀਆਂ ਵਿੱਚ ਲਗਭਗ 2 ਲੱਖ 48 ਹਜ਼ਾਰ ਮੈਟ੍ਰਿਕ ਟਨ ਕਣਕ ਦੀ ਆਮਦ ਦੀ ਉਮੀਦ ਹੈ। ਇਸ ਸਬੰਧੀ ਮਾਰਕਫੈਡ, ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫ.ਸੀ.ਆਈ), ਪਨਗ੍ਰੇਨ, ਪਨਸਪ, ਵੇਅਰਹਾਊਸਿੰਗ ਕਾਰਪੋਰੇਸ਼ਨ, ਪੰਜਾਬ ਮੰਡੀ ਬੋਰਡ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਬਾਰਦਾਨੇ ਅਤੇ ਹੋਰ ਲੋੜੀਂਦੇ ਸਾਮਾਨ ਦੀ ਪੂਰੀ ਉਪਲਬਧਤਾ ਯਕੀਨੀ ਬਣਾਉਣ ਲਈ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ ਸੁੱਕੀ ਅਤੇ ਸਾਫ਼ ਕਣਕ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਖਰੀਦ ਪ੍ਰਕਿਰਿਆ ਤੇਜ਼ ਹੋ ਸਕੇ। ਨਾਲ ਹੀ, ਉਨ੍ਹਾਂ ਫਸਲ ਦੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕੀਤੀ ਕਿਉਂਕਿ ਵਾਤਾਵਰਣ ਦੀ ਸੁਰੱਖਿਆ ਸਾਡੀ ਸਾਰਥਕ ਜ਼ਿੰਮੇਵਾਰੀ ਹੈ।

ਉਨ੍ਹਾਂ ਦੱਸਿਆ ਕਿ ਖਰੀਦੀ ਗਈ ਕਣਕ ਦੀ ਰਕਮ ਸਰਕਾਰ ਵੱਲੋਂ ਨਿਰਧਾਰਤ ਸਮੇਂ ਵਿੱਚ ਸਿੱਧੀ ਆਨਲਾਈਨ ਪ੍ਰਣਾਲੀ ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾ ਰਹੀ ਹੈ। ਇਸਦੇ ਨਾਲ-ਨਾਲ, ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਢੋਆ-ਢੁਆਈ, ਲਿਫਟਿੰਗ ਅਤੇ ਭੁਗਤਾਨ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਹੋਵੇ ਅਤੇ ਸਾਰੀ ਪ੍ਰਕਿਰਿਆ ਸਮੇਂ ਸਿਰ ਪੂਰੀ ਕੀਤੀ ਜਾਵੇ।

ਇਸ ਮੌਕੇ ਤੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਡੇਜੀ ਮਹਿਤਾ, ਇੰਸਪੈਕਟਰ ਮਨੋਜ ਕੁਮਾਰ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਅਤੇ ਆੜ੍ਹਤੀਏ ਮੌਜੂਦ ਸਨ।

Leave a Reply

Your email address will not be published. Required fields are marked *