Headlines

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਜ਼ਿਲੇ ਦੇ ਸਕੂਲ ਅਤੇ ਡਿੱਪੂ  ਦੀ ਅਚਨਚੇਤੀ ਚੈਕਿੰਗ

ਅਮਰਗੜ੍ਹ /ਮਾਲੇਰਕੋਟਲਾ, 06 ਅਪ੍ਰੈਲ Bol Punjab De, Buero 

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ,ਆਂਗਨਵਾੜੀ ਸੈਂਟਰਾਂ ਅਤੇ ਰਾਸ਼ਨ ਦੇ ਸਰਕਾਰੀ ਡਿੱਪੂ ਦਾ ਅਚਨਚੇਤੀ ਦੌਰਾ ਕਰਕੇ ਬੱਚਿਆਂ ਲਈ ਤਿਆਰ ਕੀਤੇ ਜਾ ਰਹੇ ਮਿਡ ਡੇ ਮੀਲ ਦੀ ਗੁਣਵੱਤਾ, ਪੈਕਿੰਗ ਵਾਲੇ ਭੋਜਨ ਪਦਾਰਥਾਂ ਦੀ ਮਿਆਦ, ਪੀਣ ਵਾਲੇ ਪਾਣੀ ਦੀ ਸੁਵਿਧਾ ਅਤੇ ਸਫਾਈ ਪ੍ਰਬੰਧਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ ਉਨ੍ਹਾਂ ਕਿਹਾ ਕਿ ਅਨਾਜ ਨੂੰ ਲੰਮੇ ਸਮੇਂ ਤੱਕ ਸਟੋਰ ਨਾ ਕੀਤਾ ਜਾਵੇ ਅਤੇ ਸਮੇਂ ਸਮੇਂ ਤੇ ਉਸ ਨੂੰ ਧੁੱਪ ਅਤੇ ਹਵਾ ਲਗਾਈ ਜਾਵੇ ਤਾਂ ਜੋ ਅਨਾਜ ਨੂੰ ਸਿਓਂਕ ਲੱਗਣ ਤੋਂ ਬਚਾਇਆ ਜਾ ਸਕੇ। 

 ਇਸ ਦੌਰੇ ਦੌਰਾਨ ਮੈਂਬਰ ਫੂਡ ਕਮਿਸ਼ਨ ਨੇ ਬੱਚਿਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਭੋਜਨ ਉੱਤੇ ਸੰਤੁਸ਼ਟੀ ਪ੍ਰਗਟਾਈ ਅਤੇ ਨਾਲ ਹੀ ਸਬੰਧਤ ਸਟਾਫ ਨੂੰ ਰਸੋਈ ਅਤੇ ਭੋਜਨ ਤਿਆਰ ਕਰਨ ਵਾਲੀ ਥਾਂ ਨੂੰ ਹੋਰ ਸਾਫ ਸੁਥਰਾ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਖਾਣ ਪਦਾਰਥ ਤਿਆਰ ਕਰਨ ਤੋਂ ਪਹਿਲਾਂ ਰਾਸ਼ਨ ਦੀ ਠੀਕ ਤਰ੍ਹਾਂ ਸਫਾਈ ਅਤੇ ਜਾਂਚ ਯਕੀਨੀ ਬਣਾਈ ਜਾਵੇ ਅਤੇ ਉਸਦੀ ਸਟੋਰੇਜ਼ ਸੁਰੱਖਿਅਤ ਢੰਗ ਨਾਲ ਕੀਤੀ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਨੁਕਸਾਨਦਾਇਕ ਸਥਿਤੀ ਤੋਂ ਬਚਿਆ ਜਾ ਸਕੇ।

 ਉਨ੍ਹਾਂ ਨੇ ਮਿਡ ਡੇ ਮੀਲ ਦੇ ਸਮਾਨ ਦੀ ਮਿਆਦ, ਸਟਾਕ ਰਜਿਸਟਰ ਅਤੇ ਰਸੋਈ ਘਰ ਦੀ ਸਥਿਤੀ ਦਾ ਵੀ ਨਿਰੀਖਣ ਕੀਤਾ। ਖਾਣਾ ਤਿਆਰ ਕਰਨ ਵਾਲੇ ਕਰਮਚਾਰੀਆਂ ਨੂੰ ਸਫਾਈ ਮਿਆਰਾਂ ਦੀ ਪਾਲਣਾ ਕਰਦੇ ਹੋਏ ਸਿਰ ਢੱਕਣ ਅਤੇ ਦਸਤਾਨੇ ਵਰਤਣ ਦੀ ਹਦਾਇਤ ਦਿੱਤੀ ਗਈ।

ਮੈਂਬਰ ਸੇਖੋਂ ਨੇ ਇਹ ਵੀ ਕਿਹਾ ਕਿ ਹਰ ਸਕੂਲ ਅਤੇ ਆਂਗਨਵਾੜੀ ਸੈਂਟਰ ਵਿੱਚ ਪੰਜਾਬ ਸਟੇਟ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ 98767-64545 ਅਤੇ ਈ- ਮੇਲ punjabfoodcommission@gmail.com ਸਪੱਸ਼ਟ ਤੌਰ ‘ਤੇ ਹਰੇ ਰੰਗ ਦੇ ਬੋਰਡ ਤੇ ਲਿੱਖ ਕੇ ਦਰਸਾਇਆ ਜਾਵੇ ਅਤੇ ਸ਼ਿਕਾਇਤ ਪੇਟੀ ਲਗਾਈ ਜਾਵੇ, ਤਾਂ ਜੋ ਲੋਕ ਸਿੱਧੇ ਤੌਰ ‘ਤੇ ਆਪਣੀਆਂ ਸ਼ਿਕਾਇਤਾਂ ਵਿਭਾਗ ਤੱਕ ਪਹੁੰਚਾ ਸਕਣ।

ਉਨ੍ਹਾਂ ਨੇ ਸਕੂਲਾਂ ਅਤੇ ਸੈਂਟਰਾਂ ਵਿੱਚ ਹਰਬਲ ਗਾਰਡਨ ਤਿਆਰ ਕਰਨ ‘ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਧਨੀਆ, ਪੁਦੀਨਾ, ਮੂਲੀ, ਸ਼ਲਗਮ ਅਤੇ ਹੋਰ ਮੌਸਮੀ ਸਬਜ਼ੀਆਂ ਉਗਾ ਕੇ ਬੱਚਿਆਂ ਦੇ ਭੋਜਨ ਵਿੱਚ ਪੋਸ਼ਣ ਵਧਾਇਆ ਜਾ ਸਕੇ।ਉਨ੍ਹਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਹਦਾਇਤ ਦਿੱਤੀ ਕਿ ਹਰ ਖਪਤਕਾਰ ਦੇ ਸਮਾਰਟ ਰਾਸ਼ਨ ਕਾਰਡ ਦੀ ਈ-ਕੇ.ਵਾਈ.ਸੀ ਯਕੀਨੀ ਬਣਾਈ ਜਾਵੇ ਤਾਂ ਜੋ ਲੋੜਵੰਦਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ।

ਇਸ ਮੌਕੇ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਨੂੰ ਆਰ.ਓ. ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਆਰ.ਓਜ਼ ਦਾ ਟੀ.ਡੀ.ਐਸ ਚੈੱਕ ਕਰਵਾਉਣ ਲਈ ਕਿਹਾ, ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਪੀਣ ਵਾਲਾ ਪਾਣੀ ਉਪਲਬੱਧ ਹੋ ਸਕੇ।ਉਨ੍ਹਾਂ ਸਪੱਸ਼ਟ ਕੀਤਾ ਕਿ ਆਂਗਨਵਾੜੀ ਸੈਂਟਰਾਂ ਅਤੇ ਸਕੂਲਾਂ ਵਿੱਚ ਖੁਰਾਕ ਦੀ ਸਪਲਾਈ ਜਾਂ ਸੰਭਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਐਸ.ਡੀ.ਐਮ ਹਰਬੰਸ ਸਿੰਘ, ਸੀ.ਡੀ.ਪੀ.ਓ ਮਾਲੇਰਕਟੋਲਾ ਪਵਨ ਕੁਮਾਰ, ਸੀ.ਡੀ.ਪੀ.ਓ ਅਹਿਮਦਗੜ੍ਹ ਪੂਰਨ ਪੰਕਜ ਸ਼ਰਮਾਂ, ਸਹਾਇਕ ਖੁਰਾਕ ਤੇ ਸਪਲਾਈ ਅਫਸਰ ਰਾਜਨ ਗੁਪਤਾ, ਇੰਸਪੈਕਟਰ ਖੁਰਾਕ ਸਪਲਾਈ ਮਨੋਜ ਕੁਮਾਰ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *