Headlines

ਮਹਿਲ ਕਲਾਂ ਵਿੱਚ ਕਾਂਗਰਸ ਦੀ ਟਿਕਟ ਲਈ ਸਰਗਰਮੀ ਤੇਜ਼, ਪਿੰਡ ਪਿੰਡ ਮੀਟਿੰਗਾਂ ਰਾਹੀਂ ਆਗੂ ਕਰ ਰਹੇ ਹਨ ਤਾਕਤ ਦਾ ਪ੍ਰਦਰਸ਼ਨ

ਸੰਗਰੂਰ, 6 ਜੂਨ ( ਬਲਜੀਤ ਸਿੰਘ ਟਿੱਬਾ) Bol Punjab De, Buero 

ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦੀਆਂ ਸਰਗਰਮੀਆਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨੂੰ ਲੈਕੇ ਸ਼ੇਰਪੁਰ ਦੇ ਨਾਲ ਲਗਦੇ ਪਿੰਡਾਂ ਵਿੱਚ ਮੀਟਿੰਗਾਂ, ਲੋਕ ਸੰਪਰਕ ਮੁਹਿੰਮਾਂ ਅਤੇ ਸਿਆਸੀ ਇਕੱਠਾਂ ਦਾ ਸਿਲਸਿਲਾ ਜਾਰੀ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਦਾਅਵੇਦਾਰਾਂ ਨੇ ਹੁਣੇ ਤੋਂ ਹੀ ਮੈਦਾਨ ਸਜਾਉਣਾ ਸ਼ੁਰੂ ਕਰ ਦਿੱਤਾ ਹੈ।

ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖਦਿਆਂ ਦੇਖਿਆ ਕਿ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਅਤੇ ਬੰਨ੍ਹੀ ਖੈਹਰਾ ਨਾਲ ਜੁੜੇ ਧੜੇ ਪਿੰਡ ਪੱਧਰ ‘ਤੇ ਲਗਾਤਾਰ ਮੀਟਿੰਗਾਂ ਕਰਕੇ ਆਪਣੇ ਸਮਰਥਨ ਆਧਾਰ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ। ਦੂਜੇ ਪਾਸੇ ਐਡਵੋਕੇਟ ਜਸਬੀਰ ਸਿੰਘ ਖੇੜੀ ਵੱਲੋਂ ਵੀ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਮੁੱਦੇ ਉਠਾਏ ਜਾ ਰਹੇ ਹਨ ਅਤੇ ਸਰਕਾਰ ਵੱਲੋਂ ਅਣਗੌਲੇ ਛੱਡੇ ਗਏ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਉਭਾਰ ਕੇ ਆਪਣੀ ਸਿਆਸੀ ਮੌਜੂਦਗੀ ਦਰਜ ਕਰਵਾਈ ਜਾ ਰਹੀ ਹੈ।

ਰਾਜਨੀਤਿਕ ਜਾਣਕਾਰਾਂ ਦਾ ਮੰਨਣਾ ਹੈ ਕਿ ਮਹਿਲ ਕਲਾਂ ਹਲਕੇ ਵਿੱਚ ਕਾਂਗਰਸ ਦੀ ਟਿਕਟ ਲਈ ਦਾਅਵੇਦਾਰਾਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਹੋਣ ਕਰਕੇ ਪਾਰਟੀ ਦੀ ਸਥਿਤੀ ਇਸ ਵੇਲੇ “ਇੱਕ ਅਨਾਰ ਸੌ ਬਿਮਾਰ” ਵਾਲੀ ਕਹਾਵਤ ਵਰਗੀ ਨਜ਼ਰ ਆ ਰਹੀ ਹੈ, ਜਿੱਥੇ ਕਈ ਆਗੂ ਆਪਣੇ ਆਪ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਮੌਜੂਦਾ ਸਮੇਂ ਵਿੱਚ ਮੈਦਾਨੀ ਪੱਧਰ ‘ਤੇ ਸਰਗਰਮੀਆਂ ਦੇ ਆਧਾਰ ‘ਤੇ ਕੁਝ ਚਿਹਰੇ ਹੀ ਵਧੇਰੇ ਚਰਚਾ ਵਿੱਚ ਦਿਖਾਈ ਦੇ ਰਹੇ ਹਨ, ਜਦਕਿ ਹੋਰ ਦਾਅਵੇਦਾਰਾਂ ਦੀਆਂ ਗਤੀਵਿਧੀਆਂ ਮੁਕਾਬਲੇ ਘੱਟ ਨਜ਼ਰ ਆ ਰਹੀਆਂ ਹਨ।

ਤਪਦੇ ਮੌਸਮ ਦੇ ਬਾਵਜੂਦ ਪਿੰਡਾਂ ਵਿੱਚ ਲਗਾਤਾਰ ਹੋ ਰਹੀਆਂ ਮੀਟਿੰਗਾਂ ਇਸ ਗੱਲ ਦਾ ਸੰਕੇਤ ਹਨ ਕਿ ਸੰਭਾਵੀ ਉਮੀਦਵਾਰ ਪਾਰਟੀ ਹਾਈਕਮਾਂਡ ਨੂੰ ਆਪਣੀ ਜਨ ਆਧਾਰਿਤ ਤਾਕਤ ਦਿਖਾਉਣ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਹਰ ਆਗੂ ਆਪਣੇ ਸਮਰਥਕਾਂ ਦੀ ਗਿਣਤੀ, ਲੋਕਾਂ ਨਾਲ ਸੰਪਰਕ ਅਤੇ ਸੰਗਠਨਾਤਮਕ ਮਜ਼ਬੂਤੀ ਨੂੰ ਟਿਕਟ ਹਾਸਲ ਕਰਨ ਲਈ ਅਹਿਮ ਮੰਨ ਰਿਹਾ ਹੈ।

ਇਸ ਦੇ ਨਾਲ ਹੀ ਹਲਕੇ ਦੇ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਵਿੱਚ ਵੀ ਇਹ ਚਰਚਾ ਜ਼ੋਰਾਂ ‘ਤੇ ਹੈ ਕਿ ਪਾਰਟੀ ਆਖਿਰਕਾਰ ਕਿਸ ਚਿਹਰੇ ‘ਤੇ ਭਰੋਸਾ ਜਤਾਏਗੀ। ਹਾਲਾਂਕਿ ਟਿਕਟ ਵੰਡ ਦਾ ਫੈਸਲਾ ਪਾਰਟੀ ਹਾਈਕਮਾਂਡ ਦੇ ਹੱਥ ਵਿੱਚ ਹੈ, ਪਰ ਮੌਜੂਦਾ ਸਮੇਂ ਵਿੱਚ ਚੱਲ ਰਹੀ ਸਰਗਰਮੀ ਨੇ ਹਲਕੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ।

ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਹ ਸਰਗਰਮੀਆਂ ਹੋਰ ਤੇਜ਼ ਹੋ ਸਕਦੀਆਂ ਹਨ ਅਤੇ ਦਾਅਵੇਦਾਰਾਂ ਵਿਚਕਾਰ ਮੁਕਾਬਲਾ ਹੋਰ ਦਿਲਚਸਪ ਹੋਣ ਦੀ ਸੰਭਾਵਨਾ ਹੈ। ਫਿਲਹਾਲ ਮਹਿਲ ਕਲਾਂ ਵਿੱਚ ਕਾਂਗਰਸ ਦੀ ਟਿਕਟ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਅਤੇ ਤਾਕਤ ਪ੍ਰਦਰਸ਼ਨ ਨੇ ਸਿਆਸੀ ਮਾਹੌਲ ਨੂੰ ਪੂਰੀ ਤਰ੍ਹਾਂ ਗਰਮਾ ਦਿੱਤਾ ਹੈ।

Leave a Reply

Your email address will not be published. Required fields are marked *