ਸੰਗਰੂਰ Bol Punjab De, Buero
ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਅਖੌਤੀ ‘ਬਦਲਾਅ’ ਦੇ ਦਾਅਵਿਆਂ ਦੀ ਅੱਜ ਪੂਰੀ ਤਰ੍ਹਾਂ ਫੂਕ ਨਿਕਲ ਗਈ ਹੈ। ਰੁਜ਼ਗਾਰ ਦੇ ਚੋਣ ਵਾਅਦੇ ਪੂਰੇ ਕਰਨ ਦੀ ਬਜਾਏ, ਭਗਵੰਤ ਮਾਨ ਸਰਕਾਰ ਨੇ ਆਪਣੇ ਹੱਕ ਮੰਗ ਰਹੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ‘ਤੇ ਪੁਲਿਸ ਦੀ ਲਾਠੀ ਦੇ ਜ਼ੋਰ ‘ਤੇ ਰਾਜ ਕਰਨ ਦਾ ਰਾਹ ਚੁਣਿਆ ਹੈ।
ਇਹ ਤਿੱਖੇ ਸ਼ਬਦ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਵਿਜੈ ਇੰਦਰ ਸਿੰਗਲਾ ਨੇ ਕਹੇ। ਮੀਡੀਆ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਸੀਨੀਅਰ ਕਾਂਗਰਸੀ ਆਗੂ ਨੇ ਪਟਿਆਲਾ ਵਿੱਚ ਪੀ.ਐਸ.ਪੀ.ਸੀ.ਐਲ. (ਪਾਵਰਕਾਮ) ਦੇ ਮੁੱਖ ਦਫ਼ਤਰ ਅੱਗੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ 2,600 ਅਪ੍ਰੈਂਟਿਸ ਲਾਈਨਮੈਨਾਂ ‘ਤੇ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇਵਾਹ ਅਤੇ ਬੇਰਹਿਮ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਮੁੱਖ ਮੰਤਰੀ ਦੇ ਚੋਣਾਂ ਤੋਂ ਪਹਿਲਾਂ ਕੀਤੇ ਦਾਅਵਿਆਂ ‘ਤੇ ਨਿਸ਼ਾਨਾ ਸਾਧਦਿਆਂ ਸਿੰਗਲਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਵੱਡੇ-ਵੱਡੇ ਦਾਅਵੇ ਕਰਦੇ ਸਨ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਪੰਜਾਬ ‘ਧਰਨਾ ਮੁਕਤ’ ਬਣੇਗਾ ਅਤੇ ਕਿਸੇ ਵੀ ਨੌਜਵਾਨ ਨੂੰ ਪਾਣੀ ਵਾਲੀਆਂ ਟੈਂਕੀਆਂ ‘ਤੇ ਨਹੀਂ ਚੜ੍ਹਨਾ ਪਵੇਗਾ। ਪਰ ਅੱਜ ਸੱਚਾਈ ਇਹ ਹੈ ਕਿ ਪੰਜਾਬ ਦਾ ਕੋਈ ਵੀ ਕੋਨਾ ਅਜਿਹਾ ਨਹੀਂ ਬਚਿਆ ਜਿੱਥੇ ਨੌਜਵਾਨ, ਮੁਲਾਜ਼ਮ ਅਤੇ ਆਮ ਲੋਕ ਸੜਕਾਂ ‘ਤੇ ਨਾ ਹੋਣ। ਸਿੰਗਲਾ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਹੁਣ ਸਿਰਫ਼ ਇਹੀ ‘ਬਦਲਾਅ’ ਆਇਆ ਹੈ ਕਿ ਚੁਣੇ ਹੋਏ ਮੁੱਖ ਮੰਤਰੀ ਕੋਲ ਆਪਣੇ ਹੀ ਸੂਬੇ ਦੇ ਬੇਰੁਜ਼ਗਾਰਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ ਅਤੇ ਹੱਕ ਮੰਗਣ ਵਾਲਿਆਂ ਨੂੰ ਰੁਜ਼ਗਾਰ ਦੀ ਬਜਾਏ ਪੁਲਿਸ ਦੀਆਂ ਲਾਠੀਆਂ ਮਿਲ ਰਹੀਆਂ ਹਨ।
ਪਟਿਆਲਾ ਦੀ ਘਟਨਾ ਦਾ ਜ਼ਿਕਰ ਕਰਦਿਆਂ ਸਾਬਕਾ ਮੰਤਰੀ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਲੋਕਤੰਤਰ ਲਈ ਬੇਹੱਦ ਸ਼ਰਮਨਾਕ ਦੱਸਿਆ। ਉਨ੍ਹਾਂ ਕਿਹਾ ਕਿ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਇਹ ਨੌਜਵਾਨ ਤਕਨੀਕੀ ਪ੍ਰੀਖਿਆਵਾਂ ਪਾਸ ਕਰਕੇ ਅਤੇ ਆਪਣੀ ਟ੍ਰੇਨਿੰਗ ਪੂਰੀ ਕਰਕੇ ਇੱਥੇ ਪਹੁੰਚੇ ਹਨ। ਪਿਛਲੇ 5 ਦਿਨਾਂ ਤੋਂ ਉਹ ਬੇਹੱਦ ਅਨੁਸ਼ਾਸਨ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ, ਇੱਥੋਂ ਤੱਕ ਕਿ ਉਨ੍ਹਾਂ ਨੇ ਐਂਬੂਲੈਂਸਾਂ ਅਤੇ ਐਮਰਜੈਂਸੀ ਵਾਹਨਾਂ ਦੇ ਲੰਘਣ ਲਈ ਪੂਰਾ ਰਸਤਾ ਖਾਲੀ ਛੱਡਿਆ ਹੋਇਆ ਸੀ। ਪਰ ਇਸ ਅਖੌਤੀ ‘ਬਦਲਾਅ’ ਦੀ ਪੁਲਿਸ ਨੇ ਉਨ੍ਹਾਂ ‘ਤੇ ਬੇਰਹਿਮੀ ਨਾਲ ਡਾਂਗਾਂ ਵਰ੍ਹਾਈਆਂ, ਜਿਸ ਵਿੱਚ ਕਈ ਨੌਜਵਾਨ ਗੰਭੀਰ ਜ਼ਖ਼ਮੀ ਹੋਏ ਅਤੇ ਕਈਆਂ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਸਿੰਗਲਾ ਨੇ ਸਰਕਾਰ ਵੱਲੋਂ ਕੀਤੀ ਵਾਅਦਾਖ਼ਿਲਾਫ਼ੀ ਨੂੰ ਜਨਤਕ ਕਰਦਿਆਂ ਕਿਹਾ ਕਿ ਸਰਕਾਰ ਨੇ ਪਹਿਲਾਂ ਨੌਜਵਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਲਾਜ਼ਮੀ ਪੰਜਾਬੀ ਪ੍ਰੀਖਿਆ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਪਹਿਲਾਂ ਚੋਣਾਂ ਅਤੇ ਚੋਣ ਜ਼ਾਬਤੇ ਦਾ ਬਹਾਨਾ ਬਣਾ ਕੇ ਮਾਮਲੇ ਨੂੰ ਲਮਕਾਇਆ ਗਿਆ ਅਤੇ ਹੁਣ ਵਿਭਾਗ ਦੇ ਅਧਿਕਾਰੀ ਕੋਰਾ ਜਵਾਬ ਦੇ ਰਹੇ ਹਨ ਕਿ ਮਹਿਕਮੇ ਵਿੱਚ ਕੋਈ ਅਸਾਮੀ ਖਾਲੀ ਨਹੀਂ ਹੈ। ਇਹ ਨੌਜਵਾਨਾਂ ਨਾਲ ਸਿੱਧਾ ਧੋਖਾ ਹੈ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਹਰ ਸਾਲ ਹਜ਼ਾਰਾਂ ਨੌਕਰੀਆਂ ਦੇ ਸੁਪਨੇ ਦਿਖਾ ਕੇ ਵੋਟਾਂ ਬਟੋਰੀਆਂ ਸਨ, ਪਰ ਅੱਜ ਉਨ੍ਹਾਂ ਦੇ ‘ਬਦਲਾਅ ਮਾਡਲ’ ਦਾ ਅਸਲੀ ਚਿਹਰਾ ਲਾਠੀਚਾਰਜ, ਬੇਰੁਜ਼ਗਾਰੀ, ਸ਼ਰੇਆਮ ਵਿਕ ਰਹੇ ਚਿੱਟੇ (ਨਸ਼ੇ) ਅਤੇ ਗੈਂਗਸਟਰ ਰਾਜ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਭਗਵੰਤ ਮਾਨ ਦੀ ਪੁਲਿਸ ਅਸਲ ਗੈਂਗਸਟਰਾਂ ਅੱਗੇ ਬੇਵੱਸ ਨਜ਼ਰ ਆਉਂਦੀ ਹੈ ਅਤੇ ਵਪਾਰੀ ਖੌਫ਼ ਦੇ ਸਾਏ ਹੇਠ ਜੀ ਰਹੇ ਹਨ, ਪਰ ਜਦੋਂ ਸ਼ਾਂਤਮਈ ਅਤੇ ਪੜ੍ਹੇ-ਲਿਖੇ ਨੌਜਵਾਨਾਂ ‘ਤੇ ਲਾਠੀਆਂ ਚਲਾਉਣੀਆਂ ਹੋਣ ਤਾਂ ਇਹ ਸਰਕਾਰ ਸ਼ੇਰ ਬਣ ਜਾਂਦੀ ਹੈ।
ਆਪਣੇ ਬਿਆਨ ਦੇ ਅਖੀਰ ਵਿੱਚ ਵਿਜੈ ਇੰਦਰ ਸਿੰਗਲਾ ਨੇ ਮਾਨ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਅਪ੍ਰੈਂਟਿਸ ਲਾਈਨਮੈਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਪ੍ਰਵਾਨ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਕਦਮ ਨਾ ਚੁੱਕਿਆ ਤਾਂ ਕਾਂਗਰਸ ਪਾਰਟੀ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਵਿੱਚ ਪੂਰੇ ਪੰਜਾਬ ਵਿੱਚ ਤਿੱਖਾ ਸੰਘਰਸ਼ ਵਿੱਢੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਭਗਵੰਤ ਮਾਨ ਸਰਕਾਰ ਦੀ ਹੋਵੇਗੀ।