Bol Punjab De, Buero
IPL 2026 ਦਾ ਰੋਮਾਂਚ ਹੁਣ ਆਪਣੇ ਆਖ਼ਰੀ ਪੜਾਅ ਵਿੱਚ ਪਹੁੰਚ ਚੁੱਕਾ ਹੈ। ਅੱਜ Qualifier-2 ਵਿੱਚ Gujarat Titans ਅਤੇ Rajasthan Royals ਦੀਆਂ ਟੀਮਾਂ ਆਮਨੇ-ਸਾਮਨੇ ਹੋਣਗੀਆਂ। ਇਸ ਮੁਕਾਬਲੇ ਦਾ ਜੇਤੂ ਸਿੱਧਾ ਫਾਈਨਲ ਵਿੱਚ ਪਹੁੰਚੇਗਾ, ਜਿੱਥੇ ਉਸਦਾ ਸਾਹਮਣਾ Royal Challengers Bengaluru ਨਾਲ ਹੋਵੇਗਾ।
ਮੈਚ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਹ ਇੱਕ ਨਾਕਆਉਟ ਮੁਕਾਬਲਾ ਹੈ, ਜਿਸ ਵਿੱਚ ਹਾਰਨ ਵਾਲੀ ਟੀਮ ਦਾ IPL ਖਿਤਾਬ ਜਿੱਤਣ ਦਾ ਸੁਪਨਾ ਟੁੱਟ ਜਾਵੇਗਾ, ਜਦਕਿ ਜੇਤੂ ਟੀਮ 31 ਮਈ ਨੂੰ ਹੋਣ ਵਾਲੇ ਫਾਈਨਲ ਵਿੱਚ ਜਗ੍ਹਾ ਬਣਾਏਗੀ।
ਗੁਜਰਾਤ ਟਾਈਟਨਸ ਇਸ ਸੀਜ਼ਨ ਲੀਗ ਪੜਾਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟਾਪ ਟੀਮਾਂ ਵਿੱਚ ਸ਼ਾਮਲ ਰਹੀ, ਪਰ Qualifier-1 ਵਿੱਚ RCB ਹੱਥੋਂ 92 ਦੌੜਾਂ ਦੀ ਵੱਡੀ ਹਾਰ ਤੋਂ ਬਾਅਦ ਟੀਮ ਦਬਾਅ ਹੇਠ ਨਜ਼ਰ ਆ ਰਹੀ ਹੈ। ਹੁਣ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਟੀਮ ਵਾਪਸੀ ਕਰਕੇ ਫਾਈਨਲ ਵਿੱਚ ਪਹੁੰਚਣ ਲਈ ਬੇਤਾਬ ਹੋਵੇਗੀ।
ਦੂਜੇ ਪਾਸੇ ਰਾਜਸਥਾਨ ਰੌਇਲਜ਼ ਦਾ ਮਨੋਬਲ ਕਾਫ਼ੀ ਉੱਚਾ ਹੈ। ਟੀਮ ਨੇ Eliminator ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਕੇ Qualifier-2 ਵਿੱਚ ਜਗ੍ਹਾ ਬਣਾਈ ਹੈ। ਨੌਜਵਾਨ ਸਿਤਾਰਾ Vaibhav Sooryavanshi ਇਸ ਸਮੇਂ ਟੂਰਨਾਮੈਂਟ ਦਾ ਸਭ ਤੋਂ ਚਰਚਿਤ ਖਿਡਾਰੀ ਬਣਿਆ ਹੋਇਆ ਹੈ। ਉਸਨੇ ਇਸ ਸੀਜ਼ਨ ਵਿੱਚ 680 ਦੌੜਾਂ ਬਣਾਈਆਂ ਹਨ ਅਤੇ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ ਹੈ।
ਮੁਕਾਬਲੇ ਵਿੱਚ ਸਭ ਦੀਆਂ ਨਜ਼ਰਾਂ ਵੈਭਵ ਸੂਰਿਆਵੰਸ਼ੀ, ਸ਼ੁਭਮਨ ਗਿੱਲ, ਜੋਸ ਬਟਲਰ, ਰਿਆਨ ਪਰਾਗ, ਰਾਸ਼ਿਦ ਖਾਨ ਅਤੇ ਕਾਗਿਸੋ ਰਬਾਡਾ ਵਰਗੇ ਮੈਚ ਜਿਤਾਉ ਖਿਡਾਰੀਆਂ ਉੱਤੇ ਰਹਿਣਗੀਆਂ। ਗੁਜਰਾਤ ਦੀ ਤੇਜ਼ ਗੇਂਦਬਾਜ਼ੀ ਅਤੇ ਰਾਜਸਥਾਨ ਦੀ ਵਿਸਫੋਟਕ ਬੱਲੇਬਾਜ਼ੀ ਵਿਚਾਲੇ ਦਿਲਚਸਪ ਟੱਕਰ ਦੇਖਣ ਨੂੰ ਮਿਲ ਸਕਦੀ ਹੈ।
ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਇੱਕ-ਇੱਕ ਮੈਚ ਜਿੱਤ ਚੁੱਕੀਆਂ ਹਨ, ਜਿਸ ਕਾਰਨ ਅੱਜ ਦਾ ਮੁਕਾਬਲਾ ਹੋਰ ਵੀ ਰੋਮਾਂਚਕ ਬਣ ਗਿਆ ਹੈ। ਕ੍ਰਿਕਟ ਪ੍ਰੇਮੀਆਂ ਨੂੰ ਇੱਕ ਹਾਈ-ਵੋਲਟੇਜ ਮੈਚ ਦੀ ਉਮੀਦ ਹੈ, ਜਿੱਥੇ ਹਰ ਗੇਂਦ ਫਾਈਨਲ ਦੀ ਕਿਸਮਤ ਤੈਅ ਕਰ ਸਕਦੀ ਹੈ।