Headlines

ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ: ਵਿਰਾਜ ਐਸ. ਤਿੜਕੇ

·         25 ਜੂਨ ਤੋਂ 24 ਜੁਲਾਈ ਤੱਕ ਬੀ.ਐਲ.ਓ ਘਰ-ਘਰ ਜਾ ਕੇ ਭਰਨਗੇ ਫਾਰਮ

·         ਪੱਤਰਕਾਰ ਮਿਲਣੀ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦਿੱਤੀ ਜਾਣਕਾਰੀ

ਮਾਲੇਰਕੋਟਲਾ, 15 ਮਈ :

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫਸਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਮੀਟਿੰਗ ਹਾਲ ‘ਚ ਪੱਤਰਕਾਰਾਂ ਨਾਲ ਰੂ-ਬ-ਰੂ ਹੋ ਕੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਅਤੇ ਇਸ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਨਿਭਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ 25 ਜੂਨ 2026 ਤੋਂ 24 ਜੁਲਾਈ 2026 ਤੱਕ ਬੀ.ਐਲ.ਓਜ਼ ਘਰ-ਘਰ ਜਾ ਕੇ ਵੋਟਰਾਂ ਦੇ ਫਾਰਮ ਭਰਵਾਉਣਗੇ। ਇਸ ਕਾਰਜ ਲਈ ਜ਼ਿਲ੍ਹੇ ਵਿੱਚ 400 ਬੀ.ਐਲ.ਓਜ਼, 40 ਸੁਪਰਵਾਈਜ਼ਰ, 2 ਈ.ਆਰ.ਓਜ਼ ਅਤੇ 2 ਏ.ਈ.ਆਰ.ਓਜ਼ ਸਮੇਤ ਹੋਰ ਸਹਾਇਕ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਹਰ ਬੀ.ਐਲ.ਓ ਨੂੰ ਲਗਭਗ 300 ਘਰਾਂ ਅਤੇ ਕਰੀਬ 1200 ਵੋਟਰਾਂ ਦੀ ਐਸ.ਆਈ.ਆਰ. ਲਈ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਐਸ.ਆਈ.ਆਰ. ਲਈ ਵਿਸ਼ੇਸ਼ ਤਾਲੀਮ ਵੀ ਦਿੱਤੀ ਜਾਵੇਗੀ ਤਾਂ ਜੋ ਰਿਵੀਜ਼ਨ ਦਾ ਕੰਮ ਸੁਚਾਰੂ ਢੰਗ ਨਾਲ ਪੂਰਾ ਹੋ ਸਕੇ। ਉਨ੍ਹਾਂ ਹੋਰ ਦੱਸਿਆ ਕਿ 24 ਜੁਲਾਈ 2026 ਤੱਕ ਜ਼ਿਲ੍ਹੇ ਦੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਹਰ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਦੇ ਨਾਮ ਸੂਚੀ ਤੋਂ ਬਾਹਰ ਕਰਨਾ ਹੈ। ਉਨ੍ਹਾਂ ਕਿਹਾ ਕਿ ਦੋਹਰੀ ਵੋਟ ਰੱਖਣਾ ਭਾਰਤੀ ਕਾਨੂੰਨ ਅਨੁਸਾਰ ਦੰਡਨਯੋਗ ਅਪਰਾਧ ਹੈ, ਜਿਸ ਲਈ ਕੈਦ ਦੀ ਸਜ਼ਾ ਦਾ ਵੀ ਪ੍ਰਾਵਧਾਨ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬੀ.ਐਲ.ਓਜ਼ ਨੂੰ ਪੂਰਾ ਸਹਿਯੋਗ ਦੇਣ ਅਤੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੌਰਾਨ ਲੋੜੀਂਦੀ ਜਾਣਕਾਰੀ ਸਮੇਂ ਸਿਰ ਉਪਲਬਧ ਕਰਵਾਉਣ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਸਾਰੇ ਵੋਟਰਾਂ ਲਈ ਐਸ.ਆਈ.ਆਰ. ਅਧੀਨ ਫਾਰਮ ਭਰਨਾ ਲਾਜ਼ਮੀ ਹੋਵੇਗਾ। ਇਸ ਸਬੰਧੀ ਬੀ.ਐਲ.ਓਜ਼ ਵੱਲੋਂ ਘਰ-ਘਰ ਤਿੰਨ ਵਾਰ ਸੰਪਰਕ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਸਿਰਫ਼ ਪਹਿਚਾਣ ਦੇ ਸਰੋਤ ਵਜੋਂ ਮੰਨਿਆ ਜਾਵੇਗਾ, ਨਾ ਕਿ ਨਾਗਰਿਕਤਾ ਜਾਂ ਰਿਹਾਇਸ਼ ਦੇ ਸਬੂਤ ਵਜੋਂ।

ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਐਸ.ਆਈ.ਆਰ. ਅਧੀਨ ਫਾਰਮ ਭਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀ-ਐਸ.ਆਈ.ਆਰ. ਮੈਪਿੰਗ ਦੇ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੇ 3,24,201 ਵੋਟਰਾਂ ਵਿੱਚੋਂ 2,88,658 ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ, ਜੋ ਕੁੱਲ ਵੋਟਰਾਂ ਦਾ 89.04 ਫੀਸਦੀ ਹੈ। ਦਿਹਾਤੀ ਖੇਤਰਾਂ ਵਿੱਚ 91.76 ਫੀਸਦੀ ਅਤੇ ਸ਼ਹਿਰੀ ਖੇਤਰਾਂ ਵਿੱਚ ਲਗਭਗ 84.83 ਫੀਸਦੀ ਮੈਪਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦਾ ਖਰੜਾ 31 ਜੁਲਾਈ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ, ਜਦਕਿ ਦਾਅਵੇ ਅਤੇ ਇਤਰਾਜ 31 ਜੁਲਾਈ ਤੋਂ 30 ਅਗਸਤ 2026 ਤੱਕ ਪੇਸ਼ ਕੀਤੇ ਜਾ ਸਕਣਗੇ। ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਜਾਰੀ ਕੀਤੀ ਜਾਵੇਗੀ।

ਪੱਤਰਕਾਰ ਮਿਲਣੀ ਦੌਰਾਨ ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ ਉਹ ਆਪਣੇ ਬਲਾਕ ਲੈਵਲ ਏਜੰਟ ਨਿਯੁਕਤ ਕਰਨ ਤਾਂ ਜੋ ਇਹ ਪ੍ਰਕਿਰਿਆ ਨਿਰਵਿਘਨ ਢੰਗ ਨਾਲ ਪੂਰੀ ਹੋ ਸਕੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਪ੍ਰਕਿਰਿਆ ਦੌਰਾਨ ਚੋਣ ਅਮਲੇ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਵੋਟਰ ਸੂਚੀਆਂ ਹੋਰ ਸ਼ੁੱਧ ਅਤੇ ਪਾਰਦਰਸ਼ੀ ਬਣਾਈਆਂ ਜਾ ਸਕਣ।

Leave a Reply

Your email address will not be published. Required fields are marked *