ਮਾਲੇਰਕੋਟਲਾ: ਅਸ਼ਰਫ ਅਨਸਾਰੀ, Bol Punjab De, Buero
ਮਾਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ ਵੱਲੋਂ ਪੱਤਰਕਾਰ ਭਾਈਚਾਰੇ ਵਿਰੁੱਧ ਵਰਤੀ ਗਈ ਕਥਿਤ ਘਟੀਆ ਸ਼ਬਦਾਵਲੀ ਦਾ ਮਾਮਲਾ ਹੁਣ ਕਾਫੀ ਗਰਮਾ ਗਿਆ ਹੈ। ਇਸ ਘਟਨਾ ਦੇ ਵਿਰੋਧ ਵਿੱਚ ਮਾਲੇਰਕੋਟਲਾ ਡਿਸਟ੍ਰਿਕਟ ਪ੍ਰੈੱਸ ਕਲੱਬ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਸਮੂਹ ਪੱਤਰਕਾਰਾਂ ਨੇ ਇਕਜੁੱਟ ਹੋ ਕੇ ਵਿਧਾਇਕ ਖ਼ਿਲਾਫ਼ ਸਰਬਸੰਮਤੀ ਨਾਲ ਨਿੰਦਾ ਮਤਾ ਪਾਸ ਕੀਤਾ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ, 2 ਮਈ 2026 ਨੂੰ ਸਥਾਨਕ ਉਰਦੂ ਅਕੈਡਮੀ ਵਿਖੇ ‘ਡੈਮੋਕ੍ਰੇਟਿਕ ਪ੍ਰੈੱਸ ਕਲੱਬ’ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਵਿਧਾਇਕ ਜਮੀਲ ਉਰ ਰਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਮਰਿਆਦਾ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਲਗਭਗ 50 ਮਿੰਟ ਦੇ ਭਾਸ਼ਣ ਵਿੱਚ ਉਨ੍ਹਾਂ ਨੇ ਜਿੱਥੇ ਕਈ ਮਹਿਮਾਨਾਂ ਅਤੇ ਕੌਂਸਲਰਾਂ ‘ਤੇ ਨਿਸ਼ਾਨਾ ਸਾਧਿਆ, ਉੱਥੇ ਹੀ ਪੱਤਰਕਾਰਾਂ ਲਈ ਅਤਿ ਦਰਜੇ ਦੀ ਭੱਦੀ ਭਾਸ਼ਾ ਦਾ ਇਸਤੇਮਾਲ ਕੀਤਾ।
ਪੱਤਰਕਾਰਾਂ ਦੀ ਵਿਦਿਅਕ ਯੋਗਤਾ ‘ਤੇ ਚੁੱਕੇ ਸਵਾਲ
ਵਿਧਾਇਕ ਨੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਹੀ ਉਨ੍ਹਾਂ ਨੂੰ ਲਤਾੜਦਿਆਂ ਕਿਹਾ ਕਿ:
“ਕੁਝ ਪੱਤਰਕਾਰ ਚੌਥੀ ਪਾਸ ਹਨ, ਕੁਝ ਸੱਤਵੀਂ ਵਿੱਚੋਂ ਭੱਜੇ ਹੋਏ ਹਨ ਅਤੇ ਕੁਝ ਸਿਰਫ਼ ਦੂਜੀ ਜਮਾਤ ਪਾਸ ਹਨ, ਜੋ ਲੀਡਰਾਂ ਅੱਗੇ ਠੂਠਾ (ਮਾਈਕ) ਕਰ ਦਿੰਦੇ ਹਨ।”
ਇਸ ਤੋਂ ਇਲਾਵਾ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਕਈ ਪੱਤਰਕਾਰਾਂ ਨੇ 15 ਸਾਲ ਉਨ੍ਹਾਂ ਦੇ ਖ਼ਿਲਾਫ਼ ਖ਼ਬਰਾਂ ਲਗਾਈਆਂ ਅਤੇ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਤੋਂ ਮੁਆਫ਼ੀਆਂ ਮੰਗੀਆਂ। ਪੱਤਰਕਾਰ ਭਾਈਚਾਰੇ ਨੇ ਇਸ ਦਾਅਵੇ ਨੂੰ ਸਰਾਸਰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ।
ਧਮਕੀਆਂ ਅਤੇ ਬਦ-ਦੁਆਵਾਂ ਦਾ ਆਲਮ
ਹੱਦ ਤਾਂ ਉਦੋਂ ਹੋ ਗਈ ਜਦੋਂ ਵਿਧਾਇਕ ਨੇ ਲੋਕਤੰਤਰ ਦੇ ਚੌਥੇ ਸਤੰਭ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਜਿੰਨੀਆਂ ਮਰਜ਼ੀ ਖ਼ਬਰਾਂ ਲਗਾ ਲਓ, ਉਹ ਕਿਸੇ ਤੋਂ ਨਹੀਂ ਡਰਦੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ “ਬਦ-ਦੁਆ” ਬਹੁਤ ਬੁਰੀ ਹੁੰਦੀ ਹੈ, ਜਿਸ ਨੂੰ ਪੱਤਰਕਾਰਾਂ ਨੇ ਇੱਕ ਚੁਣੇ ਹੋਏ ਨੁਮਾਇੰਦੇ ਵੱਲੋਂ ਦਿੱਤੀ ਗਈ ਗੈਰ-ਸੱਭਿਅਕ ਧਮਕੀ ਵਜੋਂ ਲਿਆ ਹੈ।
ਪੱਤਰਕਾਰ ਭਾਈਚਾਰੇ ਵਿੱਚ ਭਾਰੀ ਰੋਸ
ਡਿਸਟ੍ਰਿਕਟ ਪ੍ਰੈੱਸ ਕਲੱਬ ਦੇ ਆਗੂਆਂ ਨੇ ਕਿਹਾ ਕਿ ਜਿਸ ਪ੍ਰੋਗਰਾਮ ਵਿੱਚ ਪੱਤਰਕਾਰਾਂ ਨੇ ਉਨ੍ਹਾਂ ਨੂੰ ਮਹਿਮਾਨ ਵਜੋਂ ਬੁਲਾਇਆ, ਉੱਥੇ ਹੀ ਉਨ੍ਹਾਂ ਦਾ ਅਪਮਾਨ ਕਰਨਾ ਬੇਹੱਦ ਮੰਦਭਾਗਾ ਹੈ। ਇਸ ਘਟਨਾ ਨੂੰ ਲੈ ਕੇ ਜ਼ਿਲਾ ਯੂਨੀਅਨ ਦੇ ਸਮੂਹ ਪੱਤਰਕਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।