Headlines

“ਪੱਤਿਆਂ ਦੀ ਛਾਪ” ਗਤੀਵਿਧੀ ਰਾਹੀਂ ਬੱਚਿਆਂ ਦੇ ਹੁਨਰਾਂ ਨੂੰ ਮਿਲਿਆ ਉਤਸ਼ਾਹ

ਮਾਲੇਰਕੋਟਲਾ, 08 ਮਈ-Bol Punjab De, Buero 

ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ- ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਮੂਹ 545 ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਭਾਗੀਦਾਰੀ ਨਾਲ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਆਂਗਣਵਾੜੀ ਸੈਂਟਰਾਂ ਨੂੰ ਬੱਚਿਆਂ ਲਈ ਹੋਰ ਆਕਰਸ਼ਕ ਅਤੇ ਸਿੱਖਣਯੋਗ ਬਣਾਉਣ ਲਈ ਵੱਖ-ਵੱਖ ਟੀ.ਐਲ.ਐਮ., ਰਚਨਾਤਮਕ ਕੋਨਾ, ਗਿਣਤੀ ਕੋਨਾ ਆਦਿ ਦੀ ਵਰਤੋਂ ਕੀਤੀ ਗਈ।

                   ਆਂਗਣਵਾੜੀ ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਬੱਚਿਆਂ ਨਾਲ “ਪੱਤਿਆਂ ਦੀ ਛਾਪ” ਸੰਬੰਧੀ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਬੱਚਿਆਂ ਨੂੰ ਵੱਖ-ਵੱਖ ਕਿਸਮ ਦੇ ਪੱਤੇ ਰੰਗਾਂ ਵਿੱਚ ਭਿੱਜ ਕੇ ਕਾਗਜ਼ ‘ਤੇ ਹੌਲੀ-ਹੌਲੀ ਦਬਾ ਕੇ ਛਾਪ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਨੇ ਵੱਖ-ਵੱਖ ਰੰਗਾਂ ਦੀ ਵਰਤੋਂ ਕਰਦੇ ਹੋਏ ਪੱਤਿਆਂ ਨਾਲ ਫੁੱਲ, ਤਿਤਲੀਆਂ ਅਤੇ ਹੋਰ ਆਕਾਰ ਤਿਆਰ ਕੀਤੇ।

                   ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਛੋਟੀਆਂ ਮਾਸਪੇਸ਼ੀਆਂ ਅਤੇ ਉਂਗਲਾਂ ਦੀ ਪਕੜ ਨੂੰ ਮਜ਼ਬੂਤ ਕਰਨਾ ਸੀ, ਜਿਸ ਨਾਲ ਉਨ੍ਹਾਂ ਦੇ ਸੂਖਮ ਮੋਟਰ ਕੌਸ਼ਲ ਦਾ ਵਿਕਾਸ ਹੋ ਸਕੇ। ਨਾਲ ਹੀ, ਬੱਚਿਆਂ ਵਿੱਚ ਰੰਗਾਂ ਅਤੇ ਆਕਾਰਾਂ ਦੀ ਪਹਿਚਾਣ ਕਰਨ ਦੀ ਸਮਰੱਥਾ ਵੀ ਵਿਕਸਿਤ ਹੋ ਸਕੇ।

                   ਇਨ੍ਹਾਂ ਗਤੀਵਿਧੀਆਂ ਦੌਰਾਨ ਬੱਚਿਆਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਪੱਤਿਆਂ ਦੀ ਛਾਪ ਨਾਲ ਕੀ ਬਣਾਇਆ ਹੈ, ਜਿਸ ਨਾਲ ਉਹਨਾਂ ਦੀ ਸੋਚ ਅਤੇ ਕਲਪਨਾ ਸ਼ਕਤੀ ਨੂੰ ਉਤਸ਼ਾਹ ਮਿਲਿਆ। ਮਾਪਿਆਂ ਨੇ ਵੀ ਬੱਚਿਆਂ ਦੀਆਂ ਇਨ੍ਹਾਂ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਬੱਚਿਆਂ ਦੀ ਸਿੱਖਣ ਪ੍ਰਕਿਰਿਆ ਦੀ ਸਰਾਹਨਾ ਕੀਤੀ। ਇਸ ਤਰ੍ਹਾਂ ਛੋਟੀਆਂ- ਛੋਟੀਆਂ ਖੇਡਾਂ ਵਿੱਚ ਸਿੱਖਣ ਵਾਲੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ ।

Leave a Reply

Your email address will not be published. Required fields are marked *