Headlines

ਸਫ਼ਾਈ ਕਾਮਿਆਂ ਨੇ ਸਰਕਾਰ ਖ਼ਿਲਾਫ਼ ਖੋਲਿਆ ਮੋਰਚਾ 

Oplus_16908288

** ਅਣਮਿਥੇ ਸਮੇਂ ਲਈ ਕੰਮ ਛੋੜ ਹੜਤਾਲ ਸ਼ੁਰੂ 

** ਸੂਬਾ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਆਊਟਸੋਰਸ ਕੱਚੇ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲੀ, ਤਨਖਾਹਾਂ ਚ ਵਾਧਾ ਅਤੇ ਠੇਕੇਦਾਰੀ ਸਿਸਟਮ ਪ੍ਰਣਾਲੀ ਬੰਦ ਕਰਨ ਦੀ ਮੰਗ ਨੂੰ ਲੈਕੇ ਸਫ਼ਾਈ ਕਾਮਿਆਂ ਨੇ ਸੂਬੇ ਦੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਅੰਦਰ ਸਫ਼ਾਈ ਦਾ ਕੰਮ ਛੱਡਕੇ ਨਗਰ ਕੌਂਸਲ ਦਫ਼ਤਰ ਸਾਹਮਣੇ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਮਨ ਸਿੱਖਣ, ਚੇਅਰਮੈਨ ਦੁਲੀਆ ਰਾਮ, ਮੀਤ ਪ੍ਰਧਾਨ ਸੂਰਜ ਵਾਲਮੀਕਿ, ਜਨਰਲ ਸਕੱਤਰ ਵਿਜੇ ਡੋਨੀ ਅਤੇ ਪ੍ਰੈਸ ਸਕੱਤਰ ਰਾਜਨ ਗ਼ੌਰੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਆਊਟਸੋਰਸ ਪ੍ਰਣਾਲੀ ਰਾਹੀਂ ਸੇਵਾਵਾਂ ਨਿਭਾਅ ਰਹੇ ਸਫ਼ਾਈ ਸੇਵਕਾਂ ਅਤੇ ਹੋਰਨਾਂ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇਗਾ ਲੇਕਿਨ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਦਾ ਹਰਾ ਪੈੱਨ ਇੰਨਾਂ ਕਾਮਿਆਂ ਨੂੰ ਰੈਗੂਲਰ ਕਰਨ ਲਈ ਨਹੀਂ ਚੱਲਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਨੇ ਮੁਲਾਜ਼ਮਾਂ ਦੇ ਹਿਤਾਂ ਨੂੰ ਅਣਗੌਲਿਆਂ ਕੀਤਾ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਬੁਲਾਰਿਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਆਊਟਸੋਰਸ ਕਾਮਿਆਂ ਨੂੰ ਪੱਕੇ ਨਾ ਕੀਤਾ ਉਦੋਂ ਤੱਕ ਹੜਤਾਲ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ। ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਅੱਜ ਸ਼ਹਿਰ ਅੰਦਰ ਸਫ਼ਾਈ ਨਾ ਹੋਣ ਕਾਰਨ ਕੂੜਾ ਸੜਕਾਂ ਤੇ ਖਿਲਰਦਾ ਦਿਖਾਈ ਦਿੱਤਾ। ਜ਼ਿਕਰਯੋਗ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮੀ ਤਬਦੀਲੀ ਦੇ ਚੱਲਦਿਆਂ ਮਲੇਰੀਆ ਅਤੇ ਡੇਂਗੂ ਫ਼ੈਲਣ ਦਾ ਡਰ ਬਣਿਆ ਰਹਿੰਦਾ ਹੈ। ਸਫ਼ਾਈ ਕਾਮਿਆਂ ਵੱਲੋਂ ਕੀਤੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਸ਼ਹਿਰ ਗੰਦਗੀ ਦੇ ਢੇਰਾਂ ਵਿਚ ਤਬਦੀਲ ਹੁੰਦਾ ਦਿਖਾਈ ਦੇਵੇਗਾ।

Leave a Reply

Your email address will not be published. Required fields are marked *