Headlines

ਦਵਾਈਆਂ ਦੀ ਆਨਲਾਈਨ ਵਿਕਰੀ ਖਿਲਾਫ ਕੈਮਿਸਟਾਂ ਨੇ ਖੋਲਿਆ ਮੋਰਚਾ 

** 3 ਮਈ ਨੂੰ ਜਲੰਧਰ ਚ , ਹੋਵੇਗੀ ਸੂਬਾ ਪੱਧਰੀ ਵੱਡੀ ਮੀਟਿੰਗ

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ– ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਅਪਣਾਈਆਂ ਜਾ ਰਹੀਆਂ ਵਪਾਰ ਵਿਰੋਧੀ ਨੀਤੀਆਂ ਖ਼ਿਲਾਫ਼ ਪੰਜਾਬ ਦੇ ਕੈਮਿਸਟਾਂ ਨੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਪੰਜਾਬ ਕੈਮਿਸਟ ਐਸੋਸੀਏਸ਼ਨ (ਪੀ.ਸੀ.ਏ.) ਦੀ ਤੀਜੀ ਸੂਬਾ ਕਾਰਜਕਾਰਨੀ ਦੀ ਅਹਿਮ ਮੀਟਿੰਗ ਆਗਾਮੀ 3 ਮਈ (ਐਤਵਾਰ) ਨੂੰ ਜਲੰਧਰ ਦੇ ਬਾਈਪਾਸ ਚੌਕ ਸਥਿਤ ‘ਹੋਟਲ ਬੈਂਸਨ ਰੀਜੈਂਸੀ’ ਵਿਖੇ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਸੂਬੇ ਭਰ ਦੇ ਦਵਾਈ ਵਿਕਰੇਤਾਵਾਂ ਦੀਆਂ ਮੁਸ਼ਕਲਾਂ ਅਤੇ ਭਵਿੱਖ ਦੀ ਰਣਨੀਤੀ ‘ਤੇ ਮੰਥਨ ਕੀਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਸੀ.ਏ. ਮੈਂਬਰ ਅਤੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਜਿੰਦਲ ਅਤੇ ਸਕੱਤਰ ਰਾਜੀਵ ਜੈਨ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ 20 ਮਈ ਦੇ ‘ਭਾਰਤ ਬੰਦ’ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਮੀਟਿੰਗ ਦਾ ਮੁੱਖ ਏਜੰਡਾ ‘ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ’ ਵੱਲੋਂ ਦਵਾਈਆਂ ਦੀ ਆਨਲਾਈਨ ਵਿਕਰੀ ਦੇ ਵਿਰੋਧ ਵਿੱਚ 20 ਮਈ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਫਾਰਮੇਸੀ ਅਤੇ ਵੱਡੀਆਂ ਕੰਪਨੀਆਂ ਵੱਲੋਂ ਘੱਟ ਕੀਮਤਾਂ ‘ਤੇ ਦਵਾਈਆਂ ਵੇਚਣਾ ਛੋਟੇ ਦੁਕਾਨਦਾਰਾਂ ਲਈ ਹੋਂਦ ਦਾ ਸੰਕਟ ਪੈਦਾ ਕਰ ਰਿਹਾ ਹੈ।

ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਕਰਨਗੇ। ਇਸ ਦੌਰਾਨ ਮੁੱਖ ਤੌਰ ‘ਤੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਜੀਐਸਆਰ 817 ਅਤੇ ਜੀਐਸਆਰ 220 ਨੂੰ ਵਾਪਸ ਲੈਣ ਦੀ ਮੰਗ, ਪੰਜਾਬ ਦੀ ਡਰੱਗ ਪਾਲਿਸੀ ਵਿੱਚ ਸੋਧ ਅਤੇ ਬਾਜ਼ਾਰ ਵਿੱਚ ਵਿਕਣ ਵਾਲੀਆਂ ਨਕਲੀ ਤੇ ਘਟੀਆ ਦਵਾਈਆਂ ਦੀ ਰੋਕਥਾਮ ‘ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਭਾਗ ਲੈਣਗੇ।

Leave a Reply

Your email address will not be published. Required fields are marked *