Headlines

*ਖੇਡਾਂ ਤੰਦਰੁਸਤ ਸਮਾਜ ਦੀ ਸਿਰਜਣਾ ਦਾ ਸਾਧਨ: ਹਰਪਾਲ ਸਿੰਘ ਚੀਮਾ*

*ਕੈਬਨਿਟ ਮੰਤਰੀ ਨੇ ਪਿੰਡ ਖਨਾਲ ਖੁਰਦ ਵਿਖੇ ਸਟੇਡੀਅਮ ਬਣਾਉਣ ਦਾ ਕੀਤਾ ਐਲਾਨ 

ਦਿੜ੍ਹਬਾ, 27 ਮਈ Bol Punjab De, Buero 

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਡਾਂ ਨਾਲ ਜਿੱਥੇ ਨੌਜਵਾਨਾਂ ਦੀ ਸਿਹਤ ਤੰਦਰੁਸਤੀ ਨਾਲ ਜੁੜੀ ਰਹਿੰਦੀ ਹੈ ਅਤੇ ਦੇਸ਼ ਦਾ ਨੌਜਵਾਨ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿੰਦਾ ਹੈ ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਲਈ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਵੀ ਹੁੰਦੀ ਹੈ। ਉਹ ਪਿੰਡ ਖਨਾਲ ਖੁਰਦ ਵਿਖੇ ਕ੍ਰਿਕਟ ਦੇ ਟੂਰਨਾਮੈਂਟ ਦੌਰਾਨ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਆਏ ਸਨ। 

ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਬਾਬਾ ਵਰਿਆਮ ਸਿੰਘ ਸਪੋਰਟਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਮੁੱਖ ਮਹਿਮਾਨ ਦੇ ਤੌਰ ‘ਤੇ ਟੂਰਨਾਮੈਂਟ ਵਿੱਚ ਪਹੁੰਚੇ। ਉਹਨਾਂ ਵੱਲੋਂ ਖਿਡਾਰੀਆਂ ਨੂੰ ਮਿਲ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। 

ਕੈਬਨਿਟ ਮੰਤਰੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਮਨੁੱਖੀ ਜ਼ਿੰਦਗੀ ਦਾ ਜ਼ਰੂਰੀ ਅੰਗ ਹਨ। ਖੇਡਾਂ ਦੇ ਨਾਲ ਹੀ ਤੰਦਰੁਸਤ ਸਮਾਜ ਦੀ ਨੀਂਹ ਰੱਖੀ ਜਾਂਦੀ ਹੈ। ਉਹਨਾਂ ਕਿਹਾ ਕਿ ਅੱਜ ਗਰਮੀ ਦੇ ਵਿੱਚ ਵੀ ਸਾਡੇ ਪੰਜਾਬ ਦੇ ਨੌਜਵਾਨ ਖੇਡ ਮੈਦਾਨ ਵਿੱਚ ਹੌਸਲੇ ਨਾਲ ਆਪਣੇ ਜੌਹਰ ਵਿਖਾ ਰਹੇ ਹਨ, ਇਸ ਤੋਂ ਪਤਾ ਚਲਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਅੰਦਰ ਜੋਸ਼ ਅਤੇ ਜਜ਼ਬਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਾਗ ਨਾਲ ਬਦਨਾਮ ਕਰਨ ਵਾਲਿਆਂ ਨੂੰ ਇਹੋ ਜਿਹੇ ਟੂਰਨਾਮੈਂਟ ਜਵਾਬ ਦਿੰਦੇ ਹਨ ਅਤੇ ਉਹਨਾਂ ਨੂੰ ਦੱਸਦੇ ਹਨ ਕਿ ਪੰਜਾਬ ਦਾ ਨੌਜਵਾਨ ਜਿੱਥੇ ਸਰਹੱਦਾਂ ਦੀ ਰਾਖੀ ਕਰਦਾ ਹੈ, ਖੇਤ ਅੰਦਰ ਅਨਾਜ ਪੈਦਾ ਕਰਦਾ ਹੈ ਅਤੇ ਇਸ ਦੇ ਨਾਲ ਹੀ ਉਹ ਜਦੋਂ ਖੇਡ ਦੇ ਮੈਦਾਨ ਦੇ ਵਿੱਚ ਆਉਂਦਾ ਹੈ ਤਾਂ ਵਿਰੋਧੀ ਟੀਮਾਂ ਨੂੰ ਤਰੇਲੀਆਂ ਪਾ ਦਿੰਦਾ ਹੈ। 

ਖਿਡਾਰੀਆਂ ਤੇ ਪਿੰਡ ਵਾਸੀਆਂ ਦੀ ਮੰਗ ਉੱਤੇ ਉਨਾਂ ਨੇ ਪਿੰਡ ਖਨਾਲ ਖੁਰਦ ਵਿਖੇ ਇੱਕ ਸਟੇਡੀਅਮ ਬਣਾਉਣ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਪੰਚਾਇਤ ਜਦੋਂ ਸਟੇਡੀਅਮ ਬਣਾਉਣ ਲਈ ਜ਼ਮੀਨ ਦੇ ਦੇਵੇਗੀ, ਉਸਦੇ ਨਾਲ ਹੀ ਸਟੇਡੀਅਮ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। 

ਪੰਜਾਬ ਸਰਕਾਰ ਵੱਲੋਂ ਬਣਾਈ ਗਈ ਖੇਡ ਨੀਤੀ ਅਨੁਸਾਰ ਪੰਜਾਬ ਵਿੱਚ 3000 ਦੇ ਕਰੀਬ ਸਟੇਡੀਅਮ ਬਣਾਏ ਜਾ ਚੁੱਕੇ ਹਨ ਤਾਂ ਤੇ 6 ਹਜਾਰ ਹੋਰ ਸਟੇਡੀਅਮ ਬਣਾਉਣ ਦਾ ਟੀਚਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਰੱਖਿਆ ਗਿਆ ਹੈ। ਉਹਨਾਂ ਸਰਕਾਰ ਦੀ ਖੇਡਾਂ ਪ੍ਰਤੀ ਭਾਵਨਾ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋ ਦਿਨ ਪਹਿਲਾਂ ਸੈਂਕੜੇ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਕੇ ਸਨਮਾਨਿਤ ਕੀਤਾ ਹੈ। ਇਸ ਦੇ ਨਾਲ ਬਹੁਤ ਸਾਰੇ ਖਿਡਾਰੀਆਂ ਨੂੰ ਨਗਦ ਰਾਸ਼ੀ ਦੇ ਕੇ ਵੀ ਉਹਨਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਸਰਕਾਰ ਹੈ ਜੋ ਖਿਡਾਰੀਆਂ ਨੂੰ ਕੰਪੀਟੀਸ਼ਨ ਲੜਨ ਤੋਂ ਪਹਿਲਾਂ ਉਹਨਾਂ ਦੀ ਵਿੱਤੀ ਮਦਦ ਕਰਦੀ ਹੈ। 

ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਵੀ ਪਿੰਡ ਦੇ ਵਿੱਚ ਬਹੁਤ ਗਰਾਂਟਾਂ ਦਿੱਤੀਆਂ ਗਈਆਂ ਹਨ ਅਤੇ ਸਟੇਡੀਅਮ ਬਣਾਉਣ ਦੀ ਮੰਗ ਨੂੰ ਪੂਰਾ ਕਰਕੇ ਉਹਨਾਂ ਨੇ ਪਿੰਡ ਵਾਲਿਆਂ ਦਾ ਮਾਣ ਰੱਖਿਆ ਹੈ।

ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਸਮੁੱਚੀ ਪੰਚਾਇਤ, ਕਲੱਬ ਮੈਂਬਰ ਅਤੇ ਇਲਾਕੇ ਦੇ ਖਿਡਾਰੀ ਹਾਜ਼ਰ ਸਨ।

Leave a Reply

Your email address will not be published. Required fields are marked *