** ਹਾਕਮ ਧਿਰ ਖ਼ਿਲਾਫ਼ ਵਿਰੋਧੀ ਧਿਰਾਂ ਇੱਕਮੰਚ ਤੇ ਹੋਈਆਂ ਇੱਕਜੁਟ
** ਕਿਹਾ ਮਿੱਥਕੇ ਰੱਦ ਕਰਵਾਏ ਪਰਚੇ, ਭੁਗਤਣਾ ਪਵੇਗਾ ਖਮਿਆਜ਼ਾ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਨਗਰ ਕੌਂਸਲ ਸੁਨਾਮ ਦੀਆਂ ਹੋ ਰਹੀਆਂ ਚੋਣਾਂ ਵਿੱਚ ਨਾਮਜ਼ਦਗੀ ਪੱਤਰ ਰੱਦ ਕਰਾਉਣ ਦੇ ਰੋਸ ਵਜੋਂ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ, ਕਾਂਗਰਸ ਆਗੂ ਰਾਜਿੰਦਰ ਦੀਪਾ, ਜਸਵਿੰਦਰ ਸਿੰਘ ਧੀਮਾਨ ਅਕਾਲੀ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਸਾਹਮਣੇ ਧਰਨਾ ਦੇਕੇ ਨਾਅਰੇਬਾਜ਼ੀ ਕੀਤੀ ਗਈ। ਸੂਬੇ ਦੇ ਆਪ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਪੁਤਲਾ ਫੂਕਿਆ ਗਿਆ। ਖਾਸ ਗੱਲ ਇਹ ਰਹੀ ਹਾਕਮ ਧਿਰ ਦੀ ਧੱਕੇਸ਼ਾਹੀ ਦੇ ਖਿਲਾਫ ਸਾਰੀਆਂ ਵਿਰੋਧੀ ਪਾਰਟੀਆਂ ਇੱਕਮੰਚ ਤੇ ਇੱਕਜੁਟ ਦਿਖਾਈ ਦਿੱਤੀਆਂ। ਧਰਨਾਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਖਿਆ ਕਿ ਅਧਿਕਾਰੀ ਸੂਬਾ ਸਰਕਾਰ ਦੇ ਹੱਥ ਠੋਕਾ ਬਣੇ ਹੋਏ ਹਨ।ਦੱਸ ਦੇਈਏ ਨਗਰ ਕੌਂਸਲ ਦੀ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਘਣਸ਼ਿਆਮ ਕਾਂਸਲ, ਕਾਂਗਰਸ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਅਤੇ ਸੁਖਵੀਰ ਸੁੱਖੀ ਜਿੰਮ ਦੇ ਪਰਚੇ ਰੱਦ ਕਰ ਦਿੱਤੇ ਗਏ ਹਨ। ਇਸ ਮੌਕੇ ਸੀਨੀਅਰ ਆਗੂ ਦਾਮਨ ਬਾਜਵਾ, ਰਾਜਿੰਦਰ ਦੀਪਾ , ਜਸਵਿੰਦਰ ਸਿੰਘ ਧੀਮਾਨ, ਹਰਮਨਦੇਵ ਸਿੰਘ ਬਾਜਵਾ ਅਤੇ ਵਿਨਰਜੀਤ ਸਿੰਘ ਗੋਲਡੀ ਨੇ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸੱਤਾਧਾਰੀ ਧਿਰ ਦੇ ਇਸ਼ਾਰੇ ‘ਤੇ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਜਾਣਬੁੱਝ ਕੇ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ‘ਤੇ ਲੋਕਤੰਤਰ ਦੀ ਹੱਤਿਆ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਪੱਖਪਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਦੇ ਕਾਗਜ਼ ਬਿਲਕੁਲ ਸਹੀ ਸਨ, ਉਨ੍ਹਾਂ ਨੂੰ ਵੀ ਬਿਨਾਂ ਕਿਸੇ ਠੋਸ ਕਾਰਨ ਦੇ ਚੋਣ ਮੈਦਾਨ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਮੀਦਵਾਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਘਣਸ਼ਿਆਮ ਕਾਂਸਲ, ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਸੰਜੇ ਗੋਇਲ, ਸ਼ੇਰ ਵਿੰਦਰ ਸਿੰਘ ਧਾਲੀਵਾਲ, ਜਗਦੇਵ ਸਿੰਘ ਬਾਹੀਆ, ਸੱਤਪਾਲ ਸੱਤੀ, ਹਾਕਮ ਸਿੰਘ ਸ਼ਕਤੀ ਗਰਗ, ਬੌਕਸਰ ਸੰਦੀਪ ਸ਼ਰਮਾ, ਪ੍ਰੋਫੈਸਰ ਵਿਜੇ ਮੋਹਨ ਸਿੰਗਲਾ, ਸ਼ੰਕਰ ਬਾਂਸਲ, ਰਾਜੀਵ ਕੁਮਾਰ ਗਰਗ, ਈਸ਼ਵਰ ਗਰਗ, ਦੀਪਕ ਗਰਗ ਸਮੇਤ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਸ਼ਮੂਲੀਅਤ ਕੀਤੀ।