ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਪੰਜਾਬ ਦੇ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦਾ ਮੈਂਬਰ ਬਾਹਰ ਕੱਢੇ ਜਾਣ ਦੇ ਰੋਸ ਵਜੋਂ ਰਾਜ ਭਵਨ ਵੱਲ ਕੀਤੇ ਜਾ ਰਹੇ ਰੋਸ ਮਾਰਚ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਵੱਲੋਂ ਕਿਸਾਨਾਂ ਤੇ ਵਰਾਏ ਗਏ ਅੱਥਰੂ ਗੈਸ ਦੇ ਗੋਲੇ, ਕੰਡਿਆਲੀਆਂ ਤਾਰਾਂ ਲਾ ਕੇ ਲਾਈਆਂ ਗਈਆਂ ਰੋਕਾਂ ਤੇ ਲਾਠੀਚਾਰਜ ਕਰਨ ਦੇ ਰੋਸ ਵਜੋਂ ਪਿੰਡ ਲੌਂਗੋਵਾਲ ਅਤੇ ਢੱਡਰੀਆਂ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਬੂਟਾ ਸਿੰਘ, ਬੀਕੇਯੂ ਡਕੌਦਾ ਦੇ ਬਲਾਕ ਆਗੂ ਦਰਬਾਰਾ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਦਰਿਆਈ ਪਾਣੀਆਂ ਤੇ ਆਪਣਾ ਕੰਟਰੋਲ ਮਜਬੂਤ ਕਰਨ ਲਈ ਨਵੇਂ ਨਵੇਂ ਫੈਸਲੇ ਕਰ ਰਹੀ ਹੈ,ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੇ ਸਥਾਈ ਮੈਂਬਰ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਪੰਜਾਬ,ਹਰਿਆਣਾ,ਰਾਜਸਥਾਨ ਰਾਜਾਂ ਦਾ ਪਾਣੀ ਦਾ ਮਾਮਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਨਹੀਂ ਕੀਤਾ ਜਾ ਰਿਹਾ ਅਤੇ ਇਸੇ ਤਰ੍ਹਾਂ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨੂੰ ਲਗਾਤਾਰ ਪੰਜਾਬ ਨੂੰ ਦੇਣ ਤੋਂ ਕੇਂਦਰ ਸਰਕਾਰ ਭੱਜ ਰਹੀ ਹੈ। ਸਗੋਂ ਚੰਡੀਗੜ੍ਹ ਯੂਨੀਵਰਸਿਟੀ ਦੀ ਸੈਨੇਟ ਉੱਪਰ ਵੀ ਭਾਜਪਾ ਆਪਣਾ ਪੂਰਨ ਕੰਟਰੋਲ ਕਰਨਾ ਚਾਹੁੰਦੀ ਹੈ।ਪੰਜਾਬੀ ਇਸ ਧੱਕੇਸ਼ਾਹੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। ਕੱਲ ਇਹਨਾਂ ਮਾਮਲਿਆਂ ਸਬੰਧੀ ਹੀ ਰਾਜਪਾਲ ਨੂੰ ਮਿਲਣ ਲਈ ਅਤੇ ਮੰਗ ਪੱਤਰ ਦੇਣ ਲਈ ਪੰਜਾਬ ਦੇ ਕਿਸਾਨ ਚੰਡੀਗੜ ਜਾ ਰਹੇ ਸਨ,ਜਿਨਾਂ ਉੱਪਰ ਕੇਂਦਰ ਸਰਕਾਰ ਦੀ ਸ਼ਹਿ ਤੇ ਅਤੇ ਭਗਵੰਤ ਮਾਨ ਸਰਕਾਰ ਦੀ ਮਿਲੀਭੁਗਤ ਨਾਲ ਚੰਡੀਗੜ੍ਹ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ,ਪਾਣੀ ਦੀਆਂ ਤੇਜ਼ ਬੋਛਾੜਾਂ ਮਾਰੀਆਂ ਅਤੇ ਕੰਡਿਆਲੀਆਂ ਤਾਰਾਂ ਲਾਈਆਂ। ਜਿਨਾਂ ਨਾਲ ਕਈ ਕਿਸਾਨ ਜਖਮੀ ਹੋ ਗਏ ਅਤੇ ਚੰਡੀਗੜ੍ਹ ਵੜਨ ਤੋਂ ਰੋਕਿਆ ਗਿਆ। ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦਾ ਰਹੇਗਾ ਇਸ ਨੂੰ ਕੋਈ ਖੋਹ ਨਹੀਂ ਸਕਦਾ ਅਤੇ ਇਸ ਤਰ੍ਹਾਂ ਅਸੀਂ ਆਪਣੇ ਪਾਣੀਆਂ ਦਾ ਹੱਕ ਵੀ ਲੈ ਕੇ ਰਹਾਂਗੇ। ਅੱਜ ਪਿੰਡ ਲੌਂਗੋਵਾਲ ਵਿਖੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਹਰਦੇਵ ਸਿੰਘ,ਪਰਗਟ ਸਿੰਘ ਦੀ ਅਗਵਾਈ ਹੇਠ ਅਤੇ ਪਿੰਡ ਢੱਡਰੀਆਂ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਸਾਹੋਕੇ, ਜੋਗਾ ਸਿੰਘ ਢੱਡਰੀਆਂ ਦੀ ਅਗਵਾਈ ਹੇਠ ਪੁਤਲੇ ਫੂਕੇ ਗਏ। ਇਸ ਸਮੇਂ ਰੋਸ ਪ੍ਰਦਰਸ਼ਨ ਵਿੱਚ ਸਫਾਈ ਮਜ਼ਦੂਰ ਯੂਨੀਅਨ ਲੌਂਗੋਵਾਲ ਦੇ ਆਗੂ ਹਰਦੀਪ ਸਿੰਘ,ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂ ਮਾਸਟਰ ਬਲਵੀਰ ਚੰਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਲਖਬੀਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ।