ਕਿਸਾਨਾਂ ਵਿੱਚ ਡਰ ਅਤੇ ਨਿਰਾਸ਼ਾ ਦਾ ਮਾਹੌਲ
ਸ਼ੇਰਪੁਰ, 10 ਮਈ(ਬਲਜੀਤ ਸਿੰਘ ਟਿੱਬਾ) Bol Punjab De, Buero
ਪਿੰਡ ਟਿੱਬਾ ਦੇ ਕਿਸਾਨਾਂ ਦੀਆਂ ਖੇਤਾਂ ਵਿੱਚ ਲੱਗੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਇਲਾਕੇ ਦੇ ਕਿਸਾਨਾਂ ਵਿੱਚ ਡਰ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਕਿਸਾਨ ਜਸਪਾਲ ਸਿੰਘ ਵਾਸੀ ਪਿੰਡ ਟਿੱਬਾ ਨੇ ਦੱਸਿਆ ਕਿ ਬੀਤੇ ਦਿਨੀ ਚੋਰਾਂ ਨੇ ਰਾਤ ਦੇ ਸਮੇਂ ਮੇਰੇ ਸਮੇਤ ਗੁਰਚੇਤ ਸਿੰਘ ਨੰਬਰਦਾਰ ਅਤੇ ਦਰਬਾਰਾ ਸਿੰਘ ਆੜ੍ਹਤੀਆ ਦੀਆਂ ਮੋਟਰਾਂ ਤੋਂ ਕੀਮਤੀ ਤਾਰਾਂ ਚੋਰੀ ਕਰ ਲਈਆਂ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਹੈ।
ਪੀੜਤ ਕਿਸਾਨ ਦਾ ਕਹਿਣਾ ਹੈ ਕਿ ਇਸ ਘਟਨਾ ਸਬੰਧੀ ਉਹ ਲਗਭਗ 10 ਦਿਨ ਪਹਿਲਾਂ ਥਾਣਾ ਸ਼ੇਰਪੁਰ ਪੁਲਿਸ ਕੋਲ ਲਿਖਤੀ ਸ਼ਿਕਾਇਤ ਦੇ ਚੁੱਕੇ ਹਨ, ਪਰ ਅਜੇ ਤੱਕ ਨਾ ਤਾਂ ਕੋਈ ਪੁਲਿਸ ਕਰਮਚਾਰੀ ਮੌਕੇ ਦਾ ਜਾਇਜ਼ਾ ਲੈਣ ਪਹੁੰਚਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ। ਕਿਸਾਨਾਂ ਨੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪਹਿਲਾਂ ਹੀ ਫਸਲਾਂ ਅਤੇ ਖੇਤੀ ਖਰਚਿਆਂ ਦਾ ਬੋਝ ਵੱਧ ਰਿਹਾ ਹੈ, ਉੱਪਰੋਂ ਇਸ ਤਰ੍ਹਾਂ ਦੀਆਂ ਚੋਰੀਆਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਇਲਾਕੇ ਵਿੱਚ ਹੋਰ ਵੀ ਚੋਰੀਆਂ ਵਧ ਸਕਦੀਆਂ ਹਨ, ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਪੀੜਤਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ, ਤਾਂ ਜੋ ਲੋਕਾਂ ਦਾ ਭਰੋਸਾ ਕਾਇਮ ਰਹੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਮੋਟਰਾਂ ਦੀਆਂ ਤਾਰਾਂ ਚੋਰੀ ਵਾਲ ਖਬਰ ਦਾ ਅਪਡੇਟ
ਜਦੋਂ ਇਸ ਸਬੰਧੀ ਥਾਣਾ ਸ਼ੇਰਪੁਰ ਦੇ ਮੁਖੀ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਅੱਜ ਹੀ ਥਾਣੇਦਾਰ ਦੀ ਡਿਊਟੀ ਲਗਾ ਕੇ ਮੌਕਾ ਰਿਪੋਰਟ ਹਾਸਿਲ ਕਰਦਾ ਹਾਂ। ਅਤੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ