Headlines

ਨਸ਼ਿਆਂ ਖਿਲਾਫ ਸ਼ਬਦਾਂ ਰਾਹੀਂ ਜੰਗ ਦਾ ਆਗਾਜ਼ 

 ਮੋਹਨ ਸ਼ਰਮਾ ਦੀ ਪੁਸਤਕ ਕਹਿਰ ਦੀ ਹਨੇਰੀ ਲੋਕ ਅਰਪਣ 

Bol Punjab De, Buero 

ਨਸ਼ਾ ਸਮਾਜ ਨੂੰ ਸਿਉਂਕ ਵਾਂਗ ਖਾ ਰਿਹਾ ਹੈ ਅਤੇ ਇਸ ਨੂੰ ਖਤਮ ਕਰਨ ਲਈ ਕੀਤੇ ਜਾ ਰਹੇ ਸਰਕਾਰੀ, ਗੈਰ ਸਰਕਾਰੀ ਉਪਰਾਲੇ ਫੇਲ੍ਹ ਸਾਬਤ ਹੋ ਰਹੇ ਹਨ। ਫਿਰ ਵੀ ਸਮਾਜ ਦੇ ਕੁਝ ਸ਼ੁਭਚਿੰਤਕ ਨਸ਼ਿਆਂ ਖਿਲਾਫ ਜੰਗ ਲਈ ਦ੍ਰਿੜ ਹਨ। ਇਸ ਅਹਿਦ ਤਹਿਤ ਹੀ ਅੱਜ ਸਥਾਨਕ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਸ਼ਾ ਛਡਾਊ ਕੇਂਦਰ ਦੇ ਸਾਬਕਾ ਪ੍ਰੋਜੈਕਟ ਡਾਇਰੈਕਟਰ ਅਤੇ ਬਹੁਪੱਖੀ ਲੇਖਕ ਮੋਹਨ ਸ਼ਰਮਾ ਦੀ ਕਿਤਾਬ, ਜੋ ਕਿ ਸ ਸ ਰਮਲਾ ਨੇ ਸੰਪਾਦਿਤ ਕੀਤੀ ਹੈ, ਲੋਕ ਅਰਪਣ ਕੀਤੀ ਗਈ। ਇਹ ਵਿਸ਼ੇਸ਼ ਤੌਰ ‘ਤੇ ਦੱਸਣਾ ਬਣਦਾ ਹੈ ਕਿ ਇਸ ਕਿਤਾਬ ਦੇ ਨਾਲ ਹੀ ਨੌਜਵਾਨ ਲੇਖਕ ਜੀਤ ਹਰਜੀਤ ਵੱਲੋਂ ਸ਼ੁਰੂ ਕੀਤੇ ‘ਕਲਾਬਾਜ਼ੀਆਂ ਪ੍ਰਕਾਸ਼ਨ’ ਦੀ ਵੀ ਸ਼ੁਰੂਆਤ ਹੋ ਗਈ ਹੈ ਕਿਉਂਕਿ ਇਹ ਕਿਤਾਬ ਕਲਾਬਾਜ਼ੀਆਂ ਪ੍ਰਕਾਸ਼ਨ ਵੱਲੋਂ ਹੀ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਲੋਕ ਅਰਪਣ ਦੀ ਰਸਮ‌‌,ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਸਾਬਕਾ ਈ.ਡੀ ਅਧਿਕਾਰੀ ਸ੍ਰੀ ਨਿਰੰਜਨ ਸਿੰਘ ਹੋਰਾਂ ਨੇ ਅਦਾ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਪ੍ਰਧਾਨ ਸ੍ਰੀ ਦਿਨੇਸ਼ ਗੋਇਲ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਸਵਾਗਤੀ ਸ਼ਬਦਾਂ ਵਿੱਚ ਮੋਹਨ ਸ਼ਰਮਾ ਨੇ ਜਿੱਥੇ ਨਸ਼ਿਆਂ ਖਿਲਾਫ ਆਪਣੀ ਵਚਨਬੱਧਤਾ ਦਰਸਾਈ ਉੱਥੇ ਹੀ ਉਹਨਾਂ ਨੇ ਕਿਹਾ ਕਿ ਸ੍ਰੀ ਨਿਰੰਜਨ ਸਿੰਘ ਹੋਰਾਂ ਨੇ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਕੱਟੜ ਇਮਾਨਦਾਰ ਸ਼ਖਸ਼ੀਅਤ ਵਜੋਂ ਆਪਣਾ ਨਾਂ ਚਮਕਾਇਆ ਹੈ ਅਤੇ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਡਕਿਆ ਹੈ, ਅਜਿਹੇ ਇਨਸਾਨ ਹੱਥੋਂ ਮੇਰੀ ਕਿਤਾਬ ਲੋਕ ਅਰਪਣ ਹੋਣੀ ਮੇਰੀ ਖੁਸ਼ਨਸੀਬੀ ਹੈ। ਇਸ ਮੌਕੇ ਬੋਲਦਿਆਂ ਸਰਦਾਰ ਨਿਰੰਜਨ ਸਿੰਘ ਹੋਰਾਂ ਨੇ ਕਿਹਾ ਕਿ ਬਿਨਾਂ ਸਰਕਾਰੀ ਦੀ ਪੁਸ਼ਤ ਪਨਾਹੀ ਤੋਂ ਨਸ਼ਾ ਨਹੀਂ ਫੈਲ ਸਕਦਾ ਅਤੇ ਇਹ ਵੀ ਸੱਚ ਹੈ ਕਿ ਸਮਾਜ ਦੀ ਲਾਮਬੰਦੀ ਤੋਂ ਬਿਨਾਂ ਇਸ ਨੂੰ ਖਤਮ ਵੀ ਨਹੀਂ ਕੀਤਾ ਜਾ ਸਕਦਾ। ਪ੍ਰਕਾਸ਼ਨ ਸ਼ੁਰੂ ਕਰਨ ਮੌਕੇ ਨੌਜਵਾਨ ਸ਼ਾਇਰ ਜੀਤ ਹਰਜੀਤ ਨੇ ਕਿਹਾ ਕਿ ਕਿਤਾਬਾਂ ਜੀਵਨ ਦਾ ਆਧਾਰ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਕਿਤਾਬ ਹਰ ਘਰ ਦਾ ਸ਼ਿੰਗਾਰ ਬਣੇ। ਕੋਸ਼ਿਸ਼ ਕਰਾਂਗੇ ਕਿ ਪ੍ਰਕਾਸ਼ਨ ਜਰੀਏ ਚੰਗੀਆਂ ਤੇ ਮੁਲਵਾਨ ਕਿਤਾਬਾਂ ਸਾਹਿਤ ਦੀ ਝੋਲੀ ਪਾਈਏ ਤਾਂ ਜੋ ਸ਼ਬਦਾਂ ਜ਼ਰੀਏ ਨਿਗਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਮੋਹਨ ਸ਼ਰਮਾ ਨੂੰ ਇਸ ਨੇਕ ਕਾਰਜ ਲਈ ਮੁਬਾਰਕਬਾਦ ਦਿੱਤੀ ਜਿਨ੍ਹਾਂ ਵਿੱਚ ਡਾ. ਆਯੂਸ਼ ਸ਼ਰਮਾ, ਏ ਪੀ ਸਿੰਘ, ਕੇਵਲ ਸਿੰਘ ਜਲਾਨ, ਜਤਿੰਦਰ ਕਾਲੜਾ, ਸਾਬਕਾ ਡੀ ਐੱਸਪੀ ਨਾਹਰ ਸਿੰਘ,ਪਰਮਵੀਰ ਸ਼ਰਮਾ ਈਲਵਾਲ,ਰਾਜ ਕੁਮਾਰ ਅਰੋੜਾ, ਬਲਦੇਵ ਸਿੰਘ ਗੋਸਲ, ਕੁਲਵੰਤ ਸਿੰਘ ਕਸਕ, ਬਲਵੰਤ ਸਿੰਘ ਜੋਗਾ, ਸੁਖਵਿੰਦਰ ਸਿੰਘ ਫੁੱਲ,ਗੁਰਪ੍ਰੀਤ ਕੌਰ,ਐਡਵੋਕੇਟ ਰਤਨ ਸਿੰਘ ਮਹਿਲ, ਜੋਗਾ ਸਿੰਘ ਤੂਰ, ਅਮਰੀਕ ਸਿੰਘ ਮੀਕਾ ਸੁਨਾਮ ਵਾਲਾ ਆਦਿ ਨਾਂ ਸ਼ਾਮਿਲ ਸਨ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਗੀਤਕਾਰ ਧਰਮੀ ਤੁੰਗਾਂ, ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ, ਭੋਲਾ ਸਿੰਘ ਸੰਗਰਾਮੀ, ਨੂਰਦੀਪ ਕੋਮਲ,ਪਵਨ ਕੁਮਾਰ ਮ,ਕਰਨੈਲ ਕਲਿਆਣ, ਭੁਪਿੰਦਰ ਨਾਗਪਾਲ, ਬਹਾਦਰ ਸਿੰਘ ਧੌਲਾ ਨੇ ਭਾਗ ਲਿਆ। ਮੰਚ ਸੰਚਾਲਨ ਜੀਤ ਹਰਜੀਤ ਨੇ ਕੀਤਾ। ਪ੍ਰਿੰਸੀਪਲ ਜੋਗਾ ਸਿੰਘ ਤੂਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *