Headlines

ਕਿਸਾਨਾਂ ਦੀ ਪੁਲਿਸ ਨਾਲ ਹੋਈ ਜ਼ਬਰਦਸਤ ਤਕਰਾਰ 

** ਮੁੱਖ ਮੰਤਰੀ ਨੂੰ ਸਵਾਲ ਪੁੱਛਣ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਧੂਹਿਆ 

** ਖੇਤਾਂ ਵਿੱਚ ਦੀ ਹੋਕੇ ਸਤੌਜ ਵੱਲ ਵਧ ਰਹੇ ਸਨ ਕਿਸਾਨ 

ਦਰਸ਼ਨ ਸਿੰਘ ਚੌਹਾਨ, Bol Punjab De, Buero 

ਸੁਨਾਮ — ਬਿਜਲੀ ਦੀਆਂ ਤਾਰਾਂ ਜ਼ਮੀਨਦੋਜ਼ ਕਰਨ ਦੇ ਪ੍ਰਾਜੈਕਟ ਦੀ ਆਪਣੇ ਜੱਦੀ ਪਿੰਡ ਸਤੌਜ ਤੋਂ ਸ਼ੁਰੂਆਤ ਕਰਵਾਉਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਪੰਜਾਬ ਦੀਆਂ ਮੰਗਾਂ ਨਾਲ ਸੰਬੰਧਿਤ ਸਵਾਲ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਜਦੋਂ ਸੈਂਕੜੇ ਦੀ ਗਿਣਤੀ ਚ ਪਹੁੰਚੇ ਆਗੂਆਂ ਤੇ ਵਰਕਰਾਂ ਦਾ ਕਾਫਲਾ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਪਿੰਡ ਜਖੇਪਲ ਦੀ ਅਨਾਜ ਮੰਡੀ ਤੋਂ ਪਿੰਡ ਸਤੌਜ ਵਿਖੇ ਹੋ ਰਹੇ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਵਧਣ ਲੱਗਾ ਤਾਂ ਰਸਤੇ ਵਿੱਚ ਡੀਐਸਪੀ (ਡੀ ) ਸੁਖਦੇਵ ਸਿੰਘ ਬਰਾੜ ਦੀ ਅਗਵਾਈ ਚ ਪਿੰਡ ਜਖੇਪਲ ਧਰਮਗੜ੍ਹ ਵਿਚਕਾਰ ਤੈਨਾਤ ਭਾਰੀ ਪੁਲਿਸ ਫੋਰਸ ਵੱਲੋਂ ਨਾਕਾਬੰਦੀ ਕਰਕੇ ਰੋਕ ਲਿਆ ਗਿਆ, ਜਦੋਂ ਕਿਸਾਨ ਆਗੂ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਵਧਣ ਲੱਗੇ ਤਾਂ ਰਣ ਸਿੰਘ ਚੱਠਾ,ਰਾਮਫਲ ਸਿੰਘ ਜਲੂਰ,ਕੇਵਲ ਸਿੰਘ ਜਵੰਧਾ, ਜਸਵੰਤ ਸਿੰਘ ਛਾਹੜ ਸਮੇਤ ਦਰਜਨਾਂ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਬੱਸਾਂ ਚ ਚੜਾ ਲਿਆ ਗਿਆ ਤੇ ਦੂਜੇ ਪਾਸੇ ਬਲਾਕ ਆਗੂ ਕਸ਼ਮੀਰ ਸਿੰਘ ਉਗਰਾਹਾਂ, ਕਰਮਜੀਤ ਸਿੰਘ ਬਾਲਦ ਕਲਾਂ, ਕੁਲਵੰਤ ਸਿੰਘ ਉਭਿਆ ਦੀ ਅਗਵਾਈ ਚ ਵੱਡੀ ਗਿਣਤੀ ਕਿਸਾਨ ਖੇਤਾਂ ਵਿਚਦੀ ਹੋ ਕੇ ਸਤੌਜ ਪਿੰਡ ਵੱਲ ਵਧਣ ਲੱਗੇ ਤੇ ਪੁਲਿਸ ਵੀ ਪਿੱਛਾ ਕਰਦੀ ਰਹੀ, ਭਾਵੇਂ ਕਿ ਇਹ ਕਿਸਾਨ ਮੁੱਖ ਮੰਤਰੀ ਦੇ ਰਵਾਨਾ ਹੋਣ ਤੱਕ ਸਤੌਜ ਤਾਂ ਨਹੀਂ ਪਹੁੰਚ ਸਕੇ ਪਰ ਪਿੰਡ ਸਤੌਜ ਨੇੜੇ ਪਹੁੰਚਣ ਚ ਕਾਮਯਾਬ ਰਹੇ। ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਸੱਤਾ ਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ 22 ਫਸਲਾਂ ਤੇ ਐਮਐਸਪੀ ਦੇਣ ਤੇ ਉਸ ਸਮੇਂ ਦੀ ਦਿੱਲੀ ਵਿਚਲੀ ਆਪ ਸਰਕਾਰ ਵਾਂਗ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤਹਿਤ ਬਣਦੇ ਭਾਅ ਪੂਰੇ ਕਰਨ ਲਈ ਕਿਸਾਨਾਂ ਨੂੰ ਫਸਲਾਂ ਤੇ ਬੋਨਸ ਦੇਣ ਸਮੇਤ ਅਨੇਕਾਂ ਵਾਅਦੇ ਕਿਸਾਨਾਂ ਨਾਲ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਨਸ਼ੇ ਚ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਬਣੀ ਬੈਠੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਖਨੌਰੀ ,ਸ਼ੰਭੂ ਬਾਰਡਰਾਂ ਤੇ ਚਲਦੇ ਮੋਰਚਿਆਂ ਨੂੰ ਖਦੇੜਨ ਲਈ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਲਈ ਬੁਲਾ ਕੇ ਗ੍ਰਿਫਤਾਰ ਕਰਦਿਆਂ ਤੇ ਦੋਵੇਂ ਮੋਰਚਿਆਂ ਤੇ ਕਿਸਾਨਾਂ ਤੇ ਅੰਨਾ ਤਸ਼ੱਦਦ ਕਰਕੇ ਗ੍ਰਿਫਤਾਰ ਕਰਕੇ ਤੇ ਮੋਰਚਿਆਂ ਤੇ ਪਿਆ ਹਰ ਤਰ੍ਹਾਂ ਦਾ ਸਮਾਨ ਚੋਰੀ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਮੁੱਖ ਮੰਤਰੀ ਦੇ ਮੰਤਰਾਲੇ ਸਹਿਕਾਰਤਾ ਵਿਭਾਗ ਦੇ ਅਧੀਨ ਚਲਦੇ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਪੂਰਾ ਕਰਜਾ ਮੋੜਨ ਵਾਲੇ ਕਿਸਾਨਾਂ ਨੂੰ ਕਲੀਅਰੈਂਸ ਦੇਣ ਤੋਂ ਬਾਅਦ ਵੀ ਪਹਿਲਾਂ ਲਏ ਖਾਲੀ ਚੈਕਾਂ ਰਾਹੀਂ ਕੇਸ ਵਗੈਰਾ ਲਗਾ ਕੇ ਤੰਗ ਪ੍ਰੇਸ਼ਾਨ ਕਰਨ ਖਿਲਾਫ ਬੈਂਕਾਂ ਨੂੰ ਬੰਦ ਕਰਕੇ 11 ਜ਼ਿਲਿਆਂ ਚ ਪੱਕੇ ਧਰਨੇ ਚੱਲ ਰਹੇ ਹਨ । ਇਨਾ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਨੂੰ ਸਵਾਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਸਰਕਾਰ ਡੰਡੇ ਦੇ ਜ਼ੋਰ ਤੇ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਦਾ ਹੱਕ ਵੀ ਸਾਥੋਂ ਖੋਹ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਰਣ ਸਿੰਘ ਚੱਠਾ ਨੇ ਕਿਹਾ ਕਿ ਭਾਵੇਂ ਪ੍ਰਸ਼ਾਸਨ ਵੱਲੋਂ ਪੁਲਿਸ ਫੋਰਸ ਤੈਨਾਤ ਕਰਕੇ ਸਵਾਲ ਕਰਨ ਲਈ ਮੁੱਖ ਮੰਤਰੀ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਪਰ ਫਿਰ ਵੀ ਜਿਲਾ ਸੰਗਰੂਰ ਅੰਦਰ ਮੁੱਖ ਮੰਤਰੀ ਦੇ ਹਰ ਪ੍ਰੋਗਰਾਮ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਂਦਾ ਰਹੇਗਾ । ਇਸ ਮੌਕੇ ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਗੁਰਦੀਪ ਸਿੰਘ ਜਲੂਰ,ਗੁਰਚਰਨ ਸਿੰਘ ਨਮੋਲ, ਦਰਸ਼ਨ ਸਿੰਘ ਗੰਢੂਆਂ, ਕਰਮਜੀਤ ਸਿੰਘ ਗੰਢੂਆਂ,ਹਰਬੰਸ ਸਿੰਘ ਖਡਿਆਲ, ਹਰਜਿੰਦਰ ਸਿੰਘ ਮਹਿਲਾ, ਜਗਤਾਰ ਸਿੰਘ ਜਲੂਰ, ਮੇਜਰ ਸਿੰਘ ਸੁਰਜਣ ਭੈਣੀ, ਮਨਜੀਤ ਸਿੰਘ ਖਾਈ, ਸੰਮੀ ਖਾਈ ,ਮਦਨ ਦਾਸ ਮਹਿਲਾ, ਹਰੀ ਸਿੰਘ ਚੱਠਾ,ਸਾਧਾ ਸਿੰਘ ਨਮੋਲ, ਕੁਲਦੀਪ ਸਿੰਘ ਬਾਲਦ ਕਲਾਂ,ਗੁਰਤੇਜ ਸਿੰਘ ਉਗਰਾਹਾਂ,ਦੇਵ ਸਿੰਘ ਖਡਿਆਲ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *