ਸ਼ੇਰਪੁਰ, 10 ਮਈ (ਬਲਜੀਤ ਸਿੰਘ ਟਿੱਬਾ) Bol Punjab De, Buero
ਕਸਬਾ ਸ਼ੇਰਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚਿੱਟੇ ਦੇ ਵਧ ਰਹੇ ਕਹਿਰ ਨੇ ਇੱਕ ਵਾਰ ਫਿਰ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਦੋ ਨੌਜਵਾਨਾਂ ਦੀ ਨਸ਼ੇ ਕਾਰਨ ਹੋਈ ਮੌਤ ਨੇ ਇਲਾਕੇ ਵਿੱਚ ਡਰ, ਗੁੱਸੇ ਅਤੇ ਬੇਚੈਨੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕ ਹੁਣ ਇਹ ਸਵਾਲ ਪੁੱਛਣ ਲੱਗੇ ਹਨ ਕਿ ਜੇਕਰ ਪਿੰਡਾਂ ਵਿੱਚ ਸਰੇਆਮ ਚਿੱਟਾ ਵਿਕ ਰਿਹਾ ਹੈ ਤਾਂ ਫਿਰ ਪੁਲਿਸ ਪ੍ਰਸ਼ਾਸਨ ਦੀਆਂ ਕਾਰਵਾਈਆਂ ਸਿਰਫ਼ ਕਾਗਜ਼ਾਂ ਤੱਕ ਹੀ ਕਿਉਂ ਸੀਮਿਤ ਹਨ?
ਇਸੇ ਚਿੰਤਾ ਨੂੰ ਲੈ ਕੇ ਅੱਜ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਸਾਹਿਬ ਸ਼ੇਰਪੁਰ ਵਿਖੇ ਨਸ਼ਾ ਰੋਕੂ ਕਮੇਟੀ ਦੇ ਸੱਦੇ ‘ਤੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਭਰਮੀ ਮੀਟਿੰਗ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਇਕਜੁੱਟ ਹੋ ਕੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਲੋਕਾਂ ਨੂੰ ਵੀ ਇਸ ਸਮਾਜਿਕ ਬੁਰਾਈ ਖ਼ਿਲਾਫ਼ ਇਕੱਠੇ ਹੋਣ ਦਾ ਸੱਦਾ ਦਿੱਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਨਸ਼ਾ ਰੋਕੂ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਬਿੰਦਾ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਸੈਨਿਕ ਲੀਗ ਦੇ ਆਗੂ ਹਰਜੀਤ ਸਿੰਘ ਕਾਤਿਲ ਅਤੇ ਡਾਕਟਰ ਸਰਬਜੀਤ ਸਿੰਘ ਖੇੜੀ ਨੇ ਕਿਹਾ ਕਿ ਨਸ਼ਾ ਰੋਕੂ ਕਮੇਟੀ ਵਲੋ ਚਲਾਈਆਂ ਮੁਹਿੰਮਾਂ ਦੇ ਬਾਵਜੂਦ ਇਲਾਕੇ ਵਿੱਚ ਮੁੜ ਚਿੱਟੇ ਦਾ ਕਾਰੋਬਾਰ ਖੁੱਲ੍ਹੇਆਮ ਚੱਲ ਰਿਹਾ ਹੈ ਜਿਸ ਦੀ ਤਾਜਾ ਉਦਾਹਰਣ ਪਿਛਲੇ ਦਿਨਾਂ ਚ ਹੋਈਆਂ ਦੋ ਨੌਜਵਾਨਾਂ ਦੀਆਂ ਮੌਤਾਂ ਗਵਾਹੀ ਭਰਦੀਆਂ ਹਨ।
ਆਗੂਆਂ ਨੇ ਵਿਅੰਗ ਕਰਦਿਆਂ ਕਿਹਾ ਕਿ ਜਦੋਂ ਕੋਈ ਪਰਿਵਾਰ ਆਪਣੇ ਬੱਚੇ ਨੂੰ ਗੁਆ ਲੈਂਦਾ ਹੈ ਤਾਂ ਪੁਲਿਸ ਸਿਰਫ਼ ਰੁਟੀਨ ਜਾਂਚਾਂ ਅਤੇ ਵੱਡੇ ਵੱਡੇ ਦਾਵਿਆਂ ਨਾਲ ਹੀ ਆਪਣਾ ਫਰਜ਼ ਪੂਰਾ ਸਮਝ ਲੈਂਦੀ ਹੈ, ਜਦਕਿ ਅਸਲ ਨਸ਼ਾ ਤਸਕਰ ਬੇਖੌਫ਼ ਹੋ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਕਈ ਵਾਰ ਪੀੜਤ ਪਰਿਵਾਰ ਜਦੋਂ ਸ਼ੱਕੀ ਵਿਅਕਤੀਆਂ ਦੇ ਨਾਮ ਸਾਹਮਣੇ ਲਿਆਉਂਦੇ ਹਨ ਤਾਂ ਉਨ੍ਹਾਂ ‘ਤੇ ਹੀ ਦਬਾਅ ਬਣਾਇਆ ਜਾਂਦਾ ਹੈ, ਪਰ ਵੱਡੀਆਂ ਮੱਛੀਆਂ ਤੱਕ ਕਾਨੂੰਨ ਦੇ ਹੱਥ ਨਹੀਂ ਪਹੁੰਚਦੇ।
ਉਹਨਾਂ ਕਿਹਾ ਕਿ ਹੁਣ ਸਮਾਂ ਸਿਰਫ਼ ਮੀਟਿੰਗਾਂ ਜਾਂ ਬਿਆਨਾਂ ਦਾ ਨਹੀਂ, ਸਗੋਂ ਜ਼ਮੀਨੀ ਕਾਰਵਾਈ ਦਾ ਹੈ। ਜੇਕਰ ਪ੍ਰਸ਼ਾਸਨ ਨੇ ਜਲਦੀ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਨਾ ਕੱਸਿਆ ਤਾਂ ਲੋਕ ਖੁਦ ਪਿੰਡ ਪੱਧਰ ‘ਤੇ ਪਹਿਰੇਦਾਰੀ ਅਤੇ ਸਾਂਝੀ ਮੁਹਿੰਮਾਂ ਰਾਹੀਂ ਇਸ ਬੁਰਾਈ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।
ਮੀਟਿੰਗ ਵਿੱਚ ਕਿਸਾਨ ਆਗੂ ਮਾਸਟਰ ਚਰਨ ਸਿੰਘ ਜਵੰਧਾ, ਐਡਵੋਕੇਟ ਜਸਵੀਰ ਸਿੰਘ ਖੇੜੀ, ਮਨਦੀਪ ਖੀਪਲ, ਦਰਸ਼ਨ ਬਾਜਵਾ ਸਮੇਤ ਨਸ਼ਾ ਰੋਕੂ ਕਮੇਟੀ ਦੇ ਮੈਂਬਰਾਂ ਅਤੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।