** ਡਾਕਟਰਾਂ ਨੇ ਗਰਮੀ ਤੋਂ ਬਚਣ ਦੀ ਦਿੱਤੀ ਸਲਾਹ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਸੰਤ ਸ਼ਿਰੋਮਣੀ ਇੱਛਾਪੂਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਸੁਨਾਮ ਵੱਲੋਂ ਨੈਸ਼ਨਲ ਹਾਈਡਰੋ ਪਾਵਰ ਕਾਰਪੋਰੇਸ਼ਨ, ਮੰਤਰਾਲੇ ਦੁਆਰਾ ਮੁਹੱਈਆ ਕਰਵਾਈ ਗਈ ਮੋਬਾਈਲ ਹਸਪਤਾਲ ਵੈਨ ਰਾਹੀਂ ਲੌਂਗੋਵਾਲ ਦੀ ਅਨਾਜ ਮੰਡੀ ਵਿਖੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੀ ਬਾਲਾ ਜੀ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਨੇ ਦੱਸਿਆ ਕਿ ਮੋਬਾਈਲ ਹਸਪਤਾਲ ਵੈਨ ਰਾਹੀਂ ਵੱਖ-ਵੱਖ ਥਾਵਾਂ ’ਤੇ ਪਹੁੰਚਕੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਨੂੰ ਜਾਰੀ ਰੱਖਦਿਆਂ 131ਵਾਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲੌਂਗੋਵਾਲ ਦੀ ਅਨਾਜ ਮੰਡੀ ਅਤੇ ਝੁੱਗੀ-ਝੌਂਪੜੀਆਂ ਵਿੱਚ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਕੈਂਪ ਸਮਾਜ ਸੇਵਾ ਨੂੰ ਸਮਰਪਿਤ ਡਾਕਟਰ ਪ੍ਰਭਜੋਤ ਸਿੰਘ ਢਿੱਲੋਂ ਦੀ ਦੇਖ-ਰੇਖ ਹੇਂਠ ਲਗਾਇਆ ਗਿਆ।
ਡਾ. ਪ੍ਰਭਜੋਤ ਢਿੱਲੋਂ ਨੇ ਕਿਹਾ ਕਿ ਗਰਮੀ ਦਾ ਪ੍ਰਕੋਪ ਬਹੁਤ ਵਧਦਾ ਜਾ ਰਿਹਾ ਹੈ, ਅਜਿਹੇ ਵਿੱਚ ਤੁਹਾਨੂੰ ਵੱਧ ਤੋਂ ਵੱਧ ਤਰਲ ਪਦਾਰਥ (ਤਰਲ ਚੀਜ਼ਾਂ) ਹੀ ਪੀਣੇ ਚਾਹੀਦੇ ਹਨ। ਇਸ ਗਰਮੀ ਵਿੱਚ ਨਿੰਬੂ ਪਾਣੀ ਸਭ ਤੋਂ ਫਾਇਦੇਮੰਦ ਹੁੰਦਾ ਹੈ। ਬਹੁਤਾ ਠੰਡਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ। ਗੌਰਵ ਜਨਾਲੀਆ ਨੇ ਦੱਸਿਆ ਕਿ ਕੈਂਪ ਦੌਰਾਨ ਸ਼੍ਰੀ ਬਾਲਾ ਜੀ ਟਰੱਸਟ ਵੱਲੋਂ ਬੀ.ਪੀ., ਪਲਸ, ਬੁਖਾਰ ਆਦਿ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸ਼੍ਰੀ ਬਾਲਾ ਜੀ ਟਰੱਸਟ ਵੱਲੋਂ ਵੱਖ-ਵੱਖ ਥਾਵਾਂ ’ਤੇ ਜਾ ਕੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਲੋੜਵੰਦ ਵਿਅਕਤੀਆਂ ਦੀ ਸੇਵਾ ਕੀਤੀ ਜਾ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਮਨੁੱਖਤਾ ਦੀ ਸੇਵਾ ਪੂਰੀ ਲਗਨ ਨਾਲ ਕਰਦੇ ਰਹਿਣਗੇ। ਇਸ ਮੌਕੇ ਡਾ. ਪ੍ਰਭਜੋਤ ਸਿੰਘ ਢਿੱਲੋਂ, ਸਾਹਿਲ, ਗੋਲੂ ਆਦਿ ਹਾਜ਼ਰ ਸਨ।