ਸੰਗਰੂਰ, 23. ਅਪ੍ਰੈਲ Bol Punjab De, Buero
ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ਵਿਸ਼ਵ ਧਰਤੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਿਸ ਵਿੱਚ ਪ੍ਰੇਪ-1, ਪ੍ਰੇਪ-2 ਅਤੇ ਪਹਿਲੀ ਜਮਾਤ ਦੇ ਨੰਨੇ-ਮੁੰਨੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਅਰਥ ਡੇ ਨਾਲ ਸੰਬੰਧਿਤ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਬੱਚਿਆਂ ਨੇ ਇਹ ਜਾਣਕਾਰੀ ਆਪਣੇ ਮਾਪਿਆਂ ਨਾਲ ਵੀ ਸਾਂਝੀ ਕੀਤੀ ਅਤੇ ਵਾਤਾਵਰਣ ਦੀ ਰੱਖਿਆ ਲਈ ਆਪਣੀ ਜ਼ਿੰਮੇਵਾਰੀ ਨੂੰ ਸਮਝਾਇਆ। ਇਹ ਗਤੀਵਿਧੀ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਿੱਖਣਯੋਗ ਸਾਬਤ ਹੋਈ।
ਇਸ ਦੌਰਾਨ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ, ਗੰਦਗੀ ਨਾ ਫੈਲਾਉਣ ਅਤੇ ਆਪਣੇ ਆਲੇ-ਦੁਆਲੇ ਸਫਾਈ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ। ਨਾਲ ਹੀ ਵਧ ਰਹੀ ਗਰਮੀ ਦੇ ਮੱਦੇਨਜ਼ਰ ਪਸ਼ੂ-ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕਰਨ ਦੀ ਸਿੱਖਿਆ ਵੀ ਦਿੱਤੀ ਗਈ, ਤਾਂ ਜੋ ਉਹ ਵੀ ਗਰਮੀ ਵਿੱਚ ਸੁਖੀ ਰਹਿ ਸਕਣ।
ਪ੍ਰਿੰਸੀਪਲ ਮਨਦੀਪ ਕੌਰ ਛੰਨਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਬਹੁਤ ਜ਼ਰੂਰੀ ਹੈ।
ਸਕੂਲ ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਧਰਤੀ ਸਾਡੀ ਸਾਂਝੀ ਵਿਰਾਸਤ ਹੈ ਅਤੇ ਇਸਦੀ ਸੰਭਾਲ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਸਕੂਲ ਹਮੇਸ਼ਾ ਇਸ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਨੂੰ ਪ੍ਰੋਤਸਾਹਿਤ ਕਰਦਾ ਰਹੇਗਾ।
ਸਕੂਲ ਪ੍ਰੈਜ਼ੀਡੈਂਟ ਡਾ. ਸੀਮਾ ਅਰੋੜਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਸਿਰਫ਼ ਪਾਠ ਪੁਸਤਕਾਂ ਤੱਕ ਸੀਮਿਤ ਨਹੀਂ ਰੱਖਦੀਆਂ, ਸਗੋਂ ਉਨ੍ਹਾਂ ਨੂੰ ਜੀਵਨ ਦੇ ਅਸਲੀ ਮੁੱਲਾਂ ਨਾਲ ਜੋੜਦੀਆਂ ਹਨ। ਵਾਤਾਵਰਣ ਦੀ ਸੰਭਾਲ ਲਈ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।
ਸਕੂਲ ਸੀ.ਈ.ਓ. ਭਾਵਨਾ ਪੋਲ ਨੇ ਕਿਹਾ ਕਿ ਬੱਚਿਆਂ ਵਿੱਚ ਵਾਤਾਵਰਣ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਬੱਚੇ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣ ਸਕਦੇ ਹਨ।
ਇਸ ਸਮਾਗਮ ਨੇ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।