** ਲੌਂਗੋਵਾਲ ਪੁਲਿਸ ਛਾਉਣੀ ਚ, ਕੀਤਾ ਤਬਦੀਲ
** ਕਿਸਾਨਾਂ ਦਾ ਦੋਸ਼, ” ਆਪ ” ਪ੍ਰਧਾਨ ਤੈਅ ਸਮੇਂ ਤੋਂ ਪਹਿਲਾਂ ਆਕੇ ਮੁੜਿਆ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ ** ਕਿਸਾਨੀ ਮੰਗਾਂ ਦੀ ਪੂਰਤੀ ਅਤੇ ਸ਼ੰਭੂ ਖਨੌਰੀ ਮੋਰਚੇ ਦੌਰਾਨ ਲੁੱਟਿਆ ਸਮਾਨ ਵਾਪਿਸ ਕਰਵਾਉਣ ਲਈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਵੀਰਵਾਰ ਨੂੰ ਕਸਬਾ ਲੌਂਗੋਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਕਿਸਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਵਾਲ ਪੁੱਛਣ ਲਈ ਸਾਂਝੀ ਜਗ੍ਹਾ ਤੇ ਇਕੱਠੇ ਹੋਏ, ਕਿਸਾਨਾਂ ਨੂੰ ਮੰਤਰੀ ਤੱਕ ਅੱਪੜਣ ਤੋਂ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕਰਕੇ ਲੌਂਗੋਵਾਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਉਂਜ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹਲਕੇ ਦੇ ਵਿਧਾਇਕ ਅਤੇ ਮੰਤਰੀ ਅਮਨ ਅਰੋੜਾ ਕਿਸਾਨਾਂ ਦੇ ਵਿਰੋਧ ਤੋਂ ਡਰਦਿਆਂ ਤੈਅ ਸਮੇਂ ਤੋਂ ਪਹਿਲਾਂ ਹੀ ਚੋਣ ਦਫ਼ਤਰ ਦਾ ਉਦਘਾਟਨ ਕਰਕੇ ਕਾਹਲੀ ਵਿੱਚ ਵਾਪਿਸ ਚਲੇ ਗਏ। ਰੋਸ ਵਜੋਂ ਕਿਸਾਨਾਂ ਨੇ ਲੌਂਗੋਵਾਲ ਦੇ ਬਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਦੱਸ ਦੇਈਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਲੌਂਗੋਵਾਲ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਉਣਾ ਸੀ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਤੇ ਜ਼ਿਲਾ ਕਨਵੀਨਰ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਨੇ ਕਿਹਾ ਕਿ ਲੋਕਾਂ ਦੇ ਵਿੱਚ ਵੋਟਾਂ ਲੈਣ ਲਈ ਆਉਣ ਵਾਲਾ ਆਪ ਪ੍ਰਧਾਨ ਉਨ੍ਹਾਂ ਲੋਕਾਂ ਦੇ ਸੁਆਲਾਂ ਦੇ ਜਵਾਬ ਦੇਣ ਤੋਂ ਇਹਨਾਂ ਡਰਿਆ ਹੋਇਆ ਹੈ ਕਿ ਕਿਸਾਨਾਂ ਨੂੰ ਪਿੰਡ ਦੀ ਸੱਥ ਵਿੱਚ ਇਕੱਠੇ ਹੋਣ ਤੋਂ ਰੋਕਣ ਲਈ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਸ਼ੰਭੂ ਖਨੌਰੀ ਮੋਰਚੇ ਦਾ 3 ਕਰੋੜ 77 ਲੱਖ ਦੇ ਕਰੀਬ ਦਾ ਸਮਾਨ ਚੋਰੀ ਕਰਕੇ ਇਹ ਟਰਾਲੀ ਚੋਰਾਂ ਦੀ ਪਾਰਟੀ ਦੇ ਮੰਤਰੀ ਤੇ ਮੁੱਖ ਮੰਤਰੀ ਜਿੱਥੇ ਵੀ ਪਾਰਟੀ ਦਾ ਪ੍ਰਚਾਰ ਕਰਨ ਲਈ ਜਾਣਗੇ। ਕਿਸਾਨਾਂ ਵੱਲੋਂ ਸਵਾਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਮਨ ਅਰੋੜਾ ਵੱਲੋਂ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਦੇਣ ਤੋਂ ਭੱਜ ਜਾਣ ਤੋਂ ਬਾਅਦ ਪੂਰੇ ਪਿੰਡ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਦੇ ਪਿੰਡ ਸਤੌਜ ਆਉਣ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਕਿਸਾਨਾਂ ਵੱਲੋਂ ਸਵਾਲ ਜਵਾਬ ਕਰਨ ਲਈ ਸ਼ਾਂਤਮਈ ਜਾ ਰਹੇ ਸਨ ਪਰੰਤੂ ਪੰਜਾਬ ਪੁਲੀਸ ਦੇ ਕੁੱਝ ਅਧਿਕਾਰੀਆਂ ਵੱਲੋਂ ਕਿਸਾਨ ਆਗੂਆਂ ਤੇ ਵਰਕਰਾਂ ਨਾਲ ਧੱਕਾ ਮੁੱਕੀ ਤੋਂ ਇਲਾਵਾ ਮਾੜਾ ਵਿਵਹਾਰ ਕੀਤਾ ਗਿਆ।
ਉਨ੍ਹਾਂ ਆਖਿਆ ਕਿ ਉਨ੍ਹਾਂ ਅਧਿਕਾਰੀਆਂ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਨੂੰ ਲੈਕੇ ਕਿਸਾਨ 25 ਮਈ ਨੂੰ ਐਸ ਐਸ ਪੀ ਸੰਗਰੂਰ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਧਰਨਾ ਦੇਣਗੇ। ਇਸ ਮੌਕੇ ਅਮਰ ਲੌਂਗੋਵਾਲ,ਹੈਪੀ ਨਮੋਲ,ਸੰਤ ਰਾਮ ਛਾਜਲੀ, ਹਰਦੇਵ ਸਿੰਘ ਕੁਲਾਰ, ਸੁਖਦੇਵ ਸਿੰਘ, ਦਰਬਾਰਾ ਸਿੰਘ, ਗੁਰਦੀਪ ਸਿੰਘ, ਗੋਬਿੰਦਰ ਸਿੰਘ, ਮਿੱਠੂ ਸਿੰਘ ਤੁੰਗਾਂ, ਬਲਦੇਵ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।