ਜਾਤੀ ਅਧਾਰਤ ਬੋਰਡਾਂ ਦਾ ਗਠਨ ਆਧਾਰਹੀਨ ਤੇ ਬੇਲੋੜਾ: ਗਰਗ
ਸੰਗਰੂਰ , 11 ਜੂਨ (Bol Punjab De, Buero)
ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਾਤੀ ਅਧਾਰਤ ਕੀਤੇ ਜਾ ਰਹੇ ਬੋਰਡਾਂ ਦੇ ਗਠਨ ਉੱਤੇ ਆਪਣੀ ਤਿੱਖੀ ਪ੍ਰਤਿਕਿਰਿਆ ਦਿੰਦਿਆਂ ਸਾਬਕਾ ਸੰਸਦੀ ਸਕੱਤਰ ਅਤੇ ਸੰਗਰੂਰ ਤੋਂ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਇਸ ਨੂੰ ਆਧਾਰਹੀਣ ਅਤੇ ਬੇਲੋੜਾ ਕਰਾਰ ਦਿੱਤਾ।
ਉਹਨਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਦੇ ਸਮਾਜਿਕ ਭਾਈਚਾਰੇ ਦੇ ਤਾਣੇ ਬਾਣੇ ਨੂੰ ਢਾਹ ਲੱਗੇਗੀ ਅਤੇ ਸਮਾਜ ਵਿੱਚ ਜਾਤ ਪਾਤ ਦੀ ਰਾਜਨੀਤੀ ਵਧੇਗੀ ਅਤੇ ਵੰਡੀਆਂ ਪੈਣਗੀਆਂ।
ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਹਰ ਫਰੰਟ ਉੱਤੇ ਫੇਲ ਹੋ ਚੁੱਕੀ ਹੈ ਜੋ ਵਾਅਦੇ ਜਨਤਾ ਨਾਲ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ ਅਤੇ ਹੁਣ ਆਪਣੇ ਸਿਆਸੀ ਮੁਫਾਦਾਂ ਲਈ ਸਮਾਜ ਵਿੱਚ ਵੰਡੀਆਂ ਪਾ ਰਹੀ।
ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾਅਵਾ ਕਰਦੀ ਹੈ ਕਿ ਉਹ ਜਾਤ ਪਾਤ ਅਧਾਰਤ ਰਾਜਨੀਤੀ ਨਹੀਂ ਕਰਦੀ ਪਰ ਸਰਕਾਰ ਦੇ ਇਸ ਫੈਸਲੇ ਨਾਲ ਸੂਬੇ ਵਿੱਚ ਜਾਤ ਪਾਤ ਦੀ ਰਾਜਨੀਤੀ ਨੂੰ ਹੱਲਾਸ਼ੇਰੀ ਮਿਲੇਗੀ। ਉਹਨਾਂ ਕਿਹਾ ਕਿ ਆਪ ਸਰਕਾਰ ਦਾ ਇਹ ਫੈਸਲਾ ਸਾਡੇ ਗੁਰੂ ਸਾਹਿਬਾਨਾਂ ਦੇ ਫਲਸਫੇ ਅਤੇ ਸਿਧਾਂਤਾਂ ਦੇ ਬਿਲਕੁਲ ਉਲਟ ਹੈ।
ਗਰਗ ਨੇ ਕਿਹਾ ਕਿ ਇਨ੍ਹਾਂ ਬੋਰਡਾਂ ਦੇ ਗਠਨ ਨਾਲ ਪੰਜਾਬ ਦੇ ਖਜ਼ਾਨੇ ਉੱਤੇ ਵੀ ਭਾਰੀ ਬੋਝ ਵਧੇਗਾ ਅਤੇ ਇਸ ਨਾਲ ਪੰਜਾਬ ਦੀ ਜਨਤਾ ਦਾ ਕੋਈ ਭਲਾ ਨਹੀਂ ਹੋਣ ਵਾਲਾ।
ਉਹਨਾਂ ਕਿਹਾ ਕਿ ਆਪ ਆਦਮੀ ਪਾਰਟੀ ਵੱਲੋਂ ਜਾਤ ਅਧਾਰਤ ਬੋਰਡਾਂ ਦਾ ਗਠਨ ਕਰਕੇ ਆਪਣੇ ਨਰਾਜ਼ ਚੱਲ ਰਹੇ ਆਗੂਆਂ ਨੂੰ ਚੇਅਰਮੈਨੀਆਂ ਵੰਡਕੇ ਉਹਨਾਂ ਨੂੰ ਖੁਸ਼ ਕਰਨ ਦੀ ਕਵਾਇਤ ਕੀਤੀ ਜਾ ਰਹੀ ਜਿਸ ਦੇ ਸਿੱਟੇ ਪੰਜਾਬ ਲਈ ਬਹੁਤ ਘਾਤਕ ਸਿੱਧ ਹੋ ਸਕਦੇ ਹਨ।
ਗਰਗ ਨੇ ਕਿਹਾ ਕਿ ਆਪ ਸਰਕਾਰ ਆਮ ਜਨਤਾ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਜਾਤ ਆਧਾਰਤ ਬੋਰਡਾਂ ਦੇ ਗਠਨ ਕਰ ਰਹੀ ਹੈ ਜੋ ਸਰਾਸਰ ਗਲਤ ਹੈ ਕਿਉਂਕਿ ਇਸ ਫੈਸਲੇ ਨਾਲ ਸਮਾਜ ਵਿੱਚ ਅਜਿਹੀ ਖਾਈ ਬਣ ਜਾਵੇਗੀ ਜਿਸਨੂੰ ਭਰਨਾ ਬਹੁਤ ਮੁਸ਼ਕਲ ਹੋ ਜਾਵੇਗਾ।
ਉਹਨਾਂ ਕਿਹਾ ਕਿ ਇਹਨਾਂ ਬੋਰਡਾਂ ਦੇ ਗਠਨ ਤੋਂ ਬਾਅਦ ਦੋ ਵਿਅਕਤੀਆਂ ਦੇ ਆਪਸੀ ਝਗੜੇ ਨੂੰ ਵੀ ਧਾਰਮਿਕ ਰੰਗਤ ਦਿੱਤੀ ਜਾ ਸਕਦੀ ਅਤੇ ਨਾਲ ਇਸ ਤੋਂ ਬਾਅਦ ਲੋਕ ਆਪਣੇ ਗੋਤਾਂ ਦੇ ਹਿਸਾਬ ਨਾਲ ਵੀ ਬੋਰਡਾਂ ਦੇ ਗਠਨ ਦੀ ਮੰਗ ਕਰਨ ਲੱਗ ਜਾਣਗੇ ਇਸ ਲਈ ਸਰਕਾਰ ਨੂੰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਕੇ ਇਸ ਨੂੰ ਰੱਦ ਕਰਨਾ ਚਾਹੀਦਾ ਹੈ।
ਗਰਗ ਨੇ ਕਿਹਾ ਕਿ ਆਪ ਸਰਕਾਰ ਸਮਾਜ ਨੂੰ ਵੰਡਣ ਵਾਲੇ ਫੈਸਲਿਆਂ ਤੋ ਗੁਰੇਜ ਤੋਂ ਕਰਕੇ ਪੰਜਾਬ ਦੀ ਜਨਤਾ ਦੀ ਭਲਾਈ ਲਈ ਕੰਮ ਕਰੇ ਅਤੇ ਸੰਘਰਸ਼ ਕਰ ਰਹੇ ਨੌਜਵਾਨਾਂ ਅਤੇ ਮੁਲਾਜ਼ਮਾਂ ਦੀ ਸਾਰ ਲਵੇ।