** ਉਗਰਾਹਾਂ ਚ, ਰੈਲੀ ਕੱਢਕੇ ਚੰਡੀਗੜ੍ਹ ਧਰਨੇ ਦਾ ਦਿੱਤਾ ਸੱਦਾ
ਦਰਸ਼ਨ ਸਿੰਘ ਚੌਹਾਨ, Bol Punjab De, Buero
ਸੁਨਾਮ — ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਜੱਦੀ ਪਿੰਡ ਉਗਰਾਹਾਂ ਵਿਖੇ ਮੀਟਿੰਗ ਉਪਰੰਤ ਰੈਲੀ ਕੱਢਕੇ ਲੋਕਾਂ ਨੂੰ ਮਹਿੰਗਾਈ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ। ਬੁੱਧਵਾਰ ਨੂੰ ਪਿੰਡ ਉਗਰਾਹਾਂ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਹੋਈ ਜ਼ਿਲ੍ਹਾ ਪੱਧਰੀ ਸਿੱਖਿਅਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ , ਅਮਰੀਕ ਸਿੰਘ ਗੰਢੂਆਂ ਅਤੇ ਦਰਬਾਰਾ ਸਿੰਘ ਛਾਜਲਾ ਨੇ ਆਖਿਆ ਕਿ ਮਹਿੰਗਾਈ ਵਿੱਚ ਨਿੱਤ ਹੋ ਰਹੇ ਵਾਧੇ ਕਾਰਨ ਮੱਧ ਵਰਗੀ ਕਿਸਾਨਾਂ ਅਤੇ ਮਜ਼ਦੂਰਾਂ ਤੋਂ ਇਲਾਵਾ ਛੋਟੇ ਦੁਕਾਨਦਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਿੰਗਾਈ ਨੂੰ ਠੱਲ੍ਹ ਪਾਉਣ ਤੋਂ ਇਲਾਵਾ ਕਿਸਾਨੀ ਮੰਗਾਂ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਧਨੇਰ ਗਰੁੱਪ ਵੱਲੋਂ ਚਾਰ ਜੁਲਾਈ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਮਜ਼ਦੂਰਾਂ ਦਾ ਇੱਕ ਰੋਜ਼ਾ ਰੋਸ ਧਰਨਾ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਮਿਲਕੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਰੋਧੀ ਕਾਨੂੰਨ ਬਣਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਬਿਜਲੀ ਸੋਧ ਬਿੱਲ 2025 ਲਾਗੂ ਕਰਨ, ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਤੋਂ ਇਲਾਵਾ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ। ਅਜਿਹੇ ਕਾਨੂੰਨ ਪੰਜਾਬ ਦੇ ਭਵਿੱਖ ਲਈ ਚੁਣੌਤੀ ਬਣ ਜਾਣਗੇ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕੀਤੀ ਜਾ ਰਹੀ ਹੈ।ਕਿਸਾਨ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਅਜਿਹੇ ਲੋਕ ਮਾਰੂ ਕਾਨੂੰਨ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ । ਇਸ ਮੌਕੇ ਦਰਸ਼ਨ ਸਿੰਘ ਚੰਗਾਲੀਵਾਲਾ, ਅਮਨਦੀਪ ਸਿੰਘ ਮਹਿਲਾਂ , ਬਹਾਦਰ ਸਿੰਘ ਭੁਟਾਲ , ਗੁਰਪ੍ਰੀਤ ਸਿੰਘ ਸੰਗਤਪੁਰਾ ,ਹਰਜੀਤ ਸਿੰਘ ਮਹਿਲਾਂ , ਬਲਵਿੰਦਰ ਸਿੰਘ ਘਨੌੜ , ਬੰਟੀ ਮੂਣਕ, ਕਰਮਜੀਤ ਸਿੰਘ ਮੰਗਵਾਲ, ਦਰਸ਼ਨ ਸਿੰਘ , ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।